ਮਿਲਾਨ/ਇਟਲੀ- ਦੂਸਰੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਪਿਛਲੇ ਕਈ ਸਾਲਾਂ ਤੋਂ ਇਟਾਲੀਅਨ ਪ੍ਰਸ਼ਾਸ਼ਨ ਨਾਲ ਮਿਲ ਕੇ 9 ਯਾਦਗਾਰਾਂ ਸਥਾਪਤ ਕਰ ਚੁੱਕੀ ਹੈ ਅਤੇ ਇਨ੍ਹਾਂ ਯਾਦਗਾਰਾਂ ‘ਤੇ ਹਰ ਸਾਲ ਵੱਖ-ਵੱਖ ਸਮੇਂ ‘ਤੇ ਸ਼ਰਧਾਂਜਲੀ ਸਮਾਗਮ ਵੀ ਆਯੋਜਿਤ ਕਰਦੀ ਹੈ। ਇਟਲੀ ਦੇ ਸ਼ਹਿਰ ਫੋਰਲੀ ਵਿਖੇ 3 ਅਗਸਤ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਰਲੀ ਦੀ ਸੰਗਤ ਅਤੇ ਕਮੂਨੇ ਦੇ ਸਹਿਯੋਗ ਨਾਲ ਦੂਸਰੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ 15ਵਾਂ ਸ਼ਰਧਾਂਜਲੀ ਸਮਾਗਮ ਕਰਵਾ ਰਹੀ ਹੈ। ਇਸ ਸ਼ਰਧਾਂਜਲੀ ਸਮਾਗਮ ਦੌਰਾਨ 1 ਅਗਸਤ ਨੂੰ ਆਖੰਡ ਪਾਠ ਆਰੰਭ ਹੋਣਗੇ ਤੇ 3 ਅਗਸਤ ਨੂੰ ਭੋਗ ਪਾਏ ਜਾਣਗੇ। ਇਟਲੀ ਤੇ ਯੂਰਪ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਯਾਦਗਾਰੀ ਕਮੇਟੀ ਨੇ ਕਿਹਾ ਕਿ ਇਸ ਸਾਲ ਵੀ ਫੋਰਲੀ ਵਿਖੇ ਸਿੱਖ ਸੰਗਤ ਹੁੰਮਹੁੰਮਾ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਸਮਾਗਮ ਪਿਆਰੀ ਸਾਧ ਸੰਗਤ ਨਾਲ ਹੀ ਸੋਭਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕੀਰਤੀਨੇ ਜਥਾ ਅਤੇ ਢਾਡੀ ਜੱਥੇ ਵੀ ਪਹੁੰਚ ਰਹੇ ਹਨ। ਗੁਰੂ ਕੇ ਲੰਗਰ ਅਤੁਟ ਵਰਤਣਗੇ।ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਵੱਲੋਂ ਪਿਰਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ ਅਤੇ ਇੰਦਰਜੀਤ ਸਿੰਘ ਫੋਰਲੀ ਆਦਿ ਨੇ ਕਿਹਾ ਕਿ ਫੋਰਲੀ ਦੇ ਮੇਅਰ ਜਿਆਨ ਲੁਕਾ ਜਾਤੀਨੀ ਅਤੇ ਹੋਰ ਇਟਾਲੀਅਨ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।