ਅੰਮ੍ਰਿਤਸਰ – ਇਟਲੀ ਤੋਂ ਆਏ ਮੁਸਾਫਰਾਂ ’ਚੋਂ 90 ਫੀਸਦੀ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਤੀ 6 ਜਨਵਰੀ ਨੂੰ ਇਟਲੀ ਤੋਂ ਆਏ 125 ਮੁਸਾਫਰਾਂ ਨੂੰ ਕੋਰੋਨਾ ਪੀੜਤ ਰਿਪੋਰਟ ਕੀਤਾ ਗਿਆ ਸੀ। ਸਪਾਇਸ ਹੈਲਥ ਲੈਬ ਨੇ ਏਅਰਪੋਰਟ ’ਤੇ ਹੀ ਇਨ੍ਹਾਂ ਦੇ ਟੈਸਟ ਕੀਤੇ ਸਨ। ਇਸ ਤੋਂ ਬਾਅਦ ਅਗਲੇ ਦਿਨ ਯਾਨੀ 7 ਜਨਵਰੀ ਨੂੰ 172 ਤੇ ਮੁਸਾਫ਼ਰਾਂ ਨੂੰ ਪਾਜ਼ੇਟਿਵ ਰਿਪੋਰਟ ਦਿੱਤੀ ਗਈ ਸੀ। ਅਚਾਨਕ ਇੰਨੇ ਪੀੜਤ ਵਿਅਕਤੀ ਮਿਲਣ ਤੋਂ ਬਾਅਦ ਸੂਬੇ ’ਚ ਹਫ਼ੜਾ-ਦਫ਼ੜੀ ਮਚ ਗਈ ਸੀ। ਮੁਸਾਫਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਤਰਕ ਸੀ ਕਿ ਇਟਲੀ ਤੋਂ ਉਹ ਕੋਰੋਨਾ ਟੈਸਟ ਕਰਵਾ ਕੇ ਆਏ ਹਨ। ਨੈਗੇਟਿਵ ਰਿਪੋਰਟ ਉਨ੍ਹਾਂ ਦੇ ਹੱਥ ’ਚ ਹੈ, ਤਾਂ ਫਿਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਦੇ ਹੀ ਉਹ ਪਾਜ਼ੇਟਿਵ ਕਿਵੇਂ ਹੋ ਗਏ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸਿਹਤ ਵਿਭਾਗ ਨੇ ਸਪਾਇਸ ਹੈਲਥ ਲੈਬ ਨੂੰ ਏਅਰਪੋਰਟ ਤੋਂ ਹਟਾ ਦਿੱਤਾ ਸੀ ਤੇ ਇਕ ਹੋਰ ਨਿੱਜੀ ਲੈਬ ਨੂੰ ਆਰਟੀਪੀਸੀਆਰ ਸੈਂਪਲਿੰਗ ਦਾ ਕੰਮ ਸੌਂਪਿਆ। ਸਿਹਤ ਵਿਭਾਗ ਨੇ ਇਟਲੀ ਤੋਂ ਪਰਤੇ 30 ਪੀੜਤ ਐਲਾਨੇ ਗਏ ਲੋਕਾਂ ਦੀ ਮੁੜ ਜਾਂਚ ਕੀਤੀ ਸੀ। ਇਸ ’ਚ 27 ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਉਕਤ ਲੈਬ ’ਚ ਗਲਤ ਰਿਪੋਰਟਾਂ ਮਿਲ ਰਹੀਆਂ ਸਨ। ਉਨ੍ਹਾਂ ਨੇ ਮੁੜ ਜਾਂਚ ਕਰਵਾਈ ਹੈ। ਇਸ ਤੋਂ ਵੀ ਇਹ ਤੱਥ ਸਾਹਮਣੇ ਆਏ ਹਨ ਕਿ ਲੈਬ ਦੀਆਂ ਮਸ਼ੀਨਾਂ ’ਚ ਤਕਨੀਕੀ ਘਾਟ ਸੀ।