ਮਿਲਾਨ – ਕੋਵਿਡ-19 ਇਕ ਤਾਂ ਉਂਝ ਹੀ ਕੁਦਰਤੀ ਤੌਰ ‘ਤੇ ਇਨਸਾਨੀ ਜਨ-ਜੀਵਨ ਨੂੰ ਤਹਿਸ-ਨਹਿਸ ਕਰ ਰਿਹਾ ਦੂਜਾ ਇਸ ਭਿਆਨਕ ਮਹਾਮਾਰੀ ਨੂੰ ਕੁਝ ਲੋਕ ਜਾਣ-ਬੁਝ ਕੇ ਮੌਤ ਨੂੰ ਮਾਸੀ ਕਹਿਣ ਵਾਲੇ ਕੰਮ ਕਰ ਰਹੇ। ਵੱਡੀ ਹੈਰਾਨੀ ਉਂਦੋਂ ਹੁੰਦੀ ਹੈ ਜਦੋ ਅਜਿਹਾ ਕੰਮ ਉਹ ਲੋਕ ਕਰਨ ਜਿਹੜੇ ਕਿ ਸਿਹਤ ਸੁੱਰਖਿਆ ਵਿਭਾਗ ਦੇ ਜਿੰਮੇਵਾਰ ਕਰਮਚਾਰੀ ਹੋਣ। ਅਜਿਹਾ ਵਰਤਾਰਾ ਇਟਲੀ ਭਰ ਵਿਚ ਵਿਸ਼ੇਸ਼ ਜਾਂਚ ਪੁਲਿਸ ਵਿਭਾਗ ਐਨਏਐਸ ਕਾਰਬਿਨੇਰੀ ਨੇ ਉਸ ਸਮੇਂ ਜਾਂਚਿਆ ਜਦੋਂ ਉਸ ਨੇ ਸਿਹਤ ਵਿਭਾਗ ਦੇ 6600 ਕਰਮਚਾਰੀਆਂ ਦੀ ਸ਼ੱਕ ਦੇ ਆਧਾਰ ਉੱਤੇ ਵਿਸ਼ੇਸ਼ ਨਿਗਰਾਨੀ ਕੀਤੀ ਜਿਹੜੀ ਕਿ ਨਵੰਬਰ 2021 ਦੌਰਾਨ ਹੋਈ ਤੇ ਪੁਲਿਸ ਦੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ ਜਦੋਂ ਪੁਲਿਸ ਨੇ ਸਿਹਤ ਵਿਭਾਗ ਦੇ 308 ਕਰਮਚਾਰੀਆਂ ਨੂੰ ਐਂਟੀ ਕੋਵਿਡ-19 ਵੈਕਸੀਨ ਨਾ ਲੁਆਉਣ ਦਾ ਦੋਸ਼ੀ ਪਾਇਆ ਤੇ ਇਨ੍ਹਾਂ ਕਰਮਚਾਰੀਆਂ ਨੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆ ਕੋਵਿਡ-19 ਕਾਲ ਵਿਚ ਆਪਣਾ ਕੰਮ ਕੀਤਾ। ਪੁਲਿਸ ਜਾਂਚ ਟੀਮ ਨੇ ਜਿਹਨਾਂ ਸਿਹਤ ਕਰਚਮਾਰੀਆਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ ਉਨ੍ਹਾਂ ਵਿੱਚੋਂ 135 ਉਹ ਸਿਹਤ ਕਰਮਚਾਰੀ ਹਨ ਜਿਹੜੇ ਕਿ ਮੈਡੀਕਲ ਅਫਸਰ, ਦੰਦਾਂ ਦੇ ਡਾਕਟਰ, ਫਾਰਮਾਸਿਸਟ, ਨਰਸਾਂ ਆਦਿ ਸ਼ਾਮਿਲ ਹਨ ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਇਨ੍ਹਾਂ ਨਾਲ ਸੰਬਧਤ 6 ਮੈਡੀਕਲ ਦਫ਼ਤਰ, ਡੈਂਟਲ ਦਫ਼ਤਰ ਤੇ 2ਫਾਰਮੇਸੀਆਂ ਨੂੰ ਵੀ ਬੰਦ ਕੀਤਾ ਗਿਆ ਹੈ। ਇਹ ਘਟਨਾ ਸੀਚੀਲੀਆ ਸੂਬੇ ਨਾਲ ਸੰਬਧਤ ਹਨ ਪਰ ਇਸ ਦੇ ਬਾਵਜੂਦ ਵੀ ਪੁਲਸ ਨੇ ਤਰੇਂਨਤੋ, ਪਾਰਮਾ ਵਿਰੋਨਾ ਤੇ ਕਸ਼ੇਰਤਾ ਵਿਚ ਵੀ ਅਜਿਹੇ ਡਾਕਟਰਾਂ ਉਪੱਰ ਕਾਰਵਾਈ ਕੀਤੀ ਹੈ ਜਿਨ੍ਹਾੰ ਕਿ ਕੋਵਿਡ-19 ਦੇ ਨਿਯਮਾਂ ਵਿਚ ਕੁਤਾਹੀ ਵਰਤੀ ਜਿਸ ਮੱਦੇਨਜ਼ਰ ਉਨ੍ਹਾਂ ਦੀਆਂ ਸਿਹਤ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਪੁਲਿਸ ਜਾਂਚ ਅਨੁਸਾਰ ਦੋਸ਼ੀ ਪਾਏ ਗਏ ਸਿਹਤ ਕਰਮਚਾਰੀ ਉਹ ਗੈਰ-ਜਿੰਮੇਵਾਰ ਲੋਕ ਹਨ ਜਿਨ੍ਹਾਂ ਕਿ ਦੇਸ਼ ਵਿਚ ਵਿਆਪਕ ਤੇ ਲੋਕ ਮਾਰੂ ਮਹਾਂਮਾਰੀ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਆਪਣੇ ਕੰਮ ਨਾਲ ਇਮਾਨਦਾਰੀ ਨਹੀਂ ਵਰਤੀ ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਐਂਟੀ-ਕੋਵਿਡ-19 ਦਾ ਟੀਕਾਕਰਣ ਕਰਵਾਉਣ ਤੋਂ ਇਨਕਾਰ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਜਿੱਥੇ ਇਕ ਡਾਕਟਰ ਨੇ 80 ਦੇ ਕਰੀਬ ਕਰਮਚਾਰੀਆਂ ਨੂੰ ਫਰਜ਼ੀ ਗਰੀਨ ਪਾਸ ਜਾਰੀ ਕਰਕੇ ਦੂਜਾ ਰੱਬ ਸਮਝੇ ਜਾਣ ਵਾਲੇ ਡਾਕਟਰਾਂ ਦੀ ਕਾਰਗੁਜਾਰੀ ਉਪੱਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਸਨ ਉੱਥੇ ਹੁਣ ਇਹ ਘਟਨਾ ਨੇ ਲੋਕਾਂ ਦੇ ਯਕੀਨ ਨੂੰ ਹੋਰ ਪੱਕਾ ਕਰ ਦਿੱਤਾ ਹੈ ਕਿ ਹੋਰ ਏਸ਼ੀਅਨ ਦੇਸ਼ਾਂ ਵਾਂਗਰ ਇਟਲੀ ਵਿੱਚ ਵੀ ਸਿਹਤ ਵਿਭਾਗ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ ਤੇ ਇਹ ਖਿਲਵਾੜ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਡਾਕਟਰ ਹੀ ਹਨ ਜਿਹਨਾਂ ਦੀ ਨਿੱਕੀ ਜਿਹੀ ਗਲਤੀ ਕਿਸੇ ਦੀ ਜਿੰਦਗੀ ਦਾ ਦੀਵਾ ਹਮੇਸਾਂ ਲਈ ਗੁੱਲ ਕਰ ਸਕਦੀ ਹੈ।ਇਟਲੀ ਸਰਕਾਰ ਨੇ ਸਭ ਤੋਂ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਐਂਟੀ ਕੋਵਿਡ-19 ਦਾ ਟੀਕਾਕਰਣ ਕਰਨਾ ਇਸ ਲਈ ਹੀ ਸੁਰੂ ਕੀਤਾ ਸੀ ਕਿਉਂਕਿ ਇਹਨਾਂ ਲੋਕਾਂ ਦਾ ਵਾਹ ਸਭ ਤੋਂ ਵੱਧ ਕੋਵਿਡ ਮਰੀਜ਼ਾਂ ਨਾਲ ਪੈਣਾ ਹੈ ਤੇ ਇਹਨਾਂ ਲੋਕਾਂ ਨੂੰ ਸੁੱਰਖਿਅਤ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਜਿੰਮੇਵਾਰੀ ਹੈ।ਹੁਣ ਤੱਕ ਜਿੰਨੀ ਵੀ ਲੜਾਈ ਕੋਵਿਡ-19 ਨਾਲ ਇਟਲੀ ਲੜਿਆ ਹੈ ਉਸ ਵਿੱਚ ਸਿਹਤ ਵਿਭਾਗ ਦਾ ਅਹਿਮ ਯੋਗਦਾਨ ਹੈ ਪਰ ਅਫਸੋਸ ਦੇਸ਼ ਵਿੱਚ 136 000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਿਹੜਾ ਕਿ ਸਮੁੱਚੇ ਦੇਸ਼ ਲਈ ਅਸਹਿ ਸਦਮਾ ਹੈ।