ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਨੇ ਸੰਸਥਾ ਦੀ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਦੇ ਸਹਿਯੋਗ ਨਾਲ ਬਿਜ਼ਨਸ ਮਾਡਲ ਕੈਨਵਸ (ਬੀ. ਐੱਮ. ਸੀ.) ’ਤੇ ਵਰਕਸ਼ਾਪ ਕਰਵਾਈ ਗਈ। ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਈ ਇਸ ਵਰਕਸ਼ਾਪ ’ਚ ਮੁੱਖ ਬੁਲਾਰੇ ਵਜੋਂ ਇਨਕਮ ਟੈਕਸ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (2014) ਦੇ ਉਪ ਪ੍ਰਧਾਨ ਅਤੇ ਸਵਦੇਸ਼ੀ ਜਾਗਰਣ ਮੰਚ, ਪੰਜਾਬ ਦੇ ਜ਼ਿਲ੍ਹਾ ਕਨਵੀਨਰ ਅਤੇ ਸਹਿ-ਕਨਵੀਨਰ ਅਤੇ ਚਾਰਟਰਡ ਅਕਾਊਂਟੈਂਟ ਸ੍ਰੀ ਅਮਿਤ ਹਾਂਡਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਡੀਨ ਅਤੇ ਵਿਭਾਗ ਮੁੱਖੀ ਡਾ. ਏ. ਕੇ. ਕਾਹਲੋਂ ਦੀ ਨਿਗਰਾਨੀ ਹੇਠ ਡਾ. ਗੁਰਸ਼ਰਨ ਕੌਰ (ਡਾਇਰੈਕਟਰ, ਸੰਸਥਾ ਦੀ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.), ਡਾ. ਸਵਰਾਜ ਕੌਰ (ਕੋਆਰਡੀਨੇਟਰ), ਡਾ. ਦੀਪਕ ਦੇਵਗਨ (ਕੋਆਰਡੀਨੇਟਰ), ਪ੍ਰੋ. ਰੀਮਾ ਸਚਦੇਵਾ (ਸਹਿ-ਕੋਆਰਡੀਨੇਟਰ), ਡਾ. ਮਨੀਸ਼ਾ ਬਹਿਲ (ਸਹਿ-ਕੋਆਰਡੀਨੇਟਰ) ਅਤੇ ਪ੍ਰੋ. ਸ਼ੀਤਲ (ਸਹਿ-ਕੋਆਰਡੀਨੇਟਰ) ਦੁਆਰਾ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਸਬੰਧੀ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਡਾ. ਕਾਹਲੋਂ ਨੇ ਡਾ. ਹਾਂਡਾ ਦਾ ਸਵਾਗਤ ਕੀਤਾ, ਜਦਕਿ ਡਾ. ਮਨੀਸ਼ਾ ਬਹਿਲ ਨੇ ਜਾਣ-ਪਛਾਣ ਕਰਵਾਈ।
ਇਸ ਮੌਕੇ ਸ੍ਰੀ ਹਾਂਡਾ ਨੇ ਨੌਂ-ਬਲਾਕ ਕਾਰੋਬਾਰੀ ਮਾਡਲ-ਗ੍ਰਾਹਕ ਹਿੱਸੇ, ਮੁੱਲ ਪ੍ਰਸਤਾਵ, ਚੈਨਲ, ਗ੍ਰਾਹਕ ਸਬੰਧ, ਮਾਲੀਆ ਧਾਰਾਵਾਂ, ਮੁੱਖ ਸਰੋਤ, ਭਾਈਵਾਲ ਅਤੇ ਲਾਗਤ ਢਾਂਚਾ ਦੱਸ ਕੇ ਸੈਸ਼ਨ ਦੀ ਸ਼ੁਰੂਆਤ ਕੀਤੀ, ਜੋ ਇੱਕ ਰਣਨੀਤਕ ਸਾਧਨ ਹੈ ਅਤੇ ਯੋਜਨਾਬੱਧ ਪਹੁੰਚ ’ਚ ਵਪਾਰਿਕ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਸਹਾਇਤਾ ਕਰਦਾ ਹੈ।
ਡਾ. ਹਾਂਡਾ ਨੇ ਕਿਹਾ ਕਿ ਬੀ. ਐੱਮ. ਸੀ. ਇਕ ਪ੍ਰਵਾਨਿਤ ਕਾਰੋਬਾਰੀ ਯੋਜਨਾਬੰਦੀ ਸਾਧਨ ਹੈ ਜੋ ਕਿਸੇ ਨੂੰ ਉਸਦੇ ਕਾਰੋਬਾਰੀ ਸੰਕਲਪ ਦੀ ਜਾਂਚ ਕਰਨ ਅਤੇ ਇਕ ਵਿਸਤ੍ਰਿਤ ਕਾਰੋਬਾਰੀ ਯੋਜਨਾ ਤਿਆਰ ਕਰਨ ’ਚ ਸਹਾਇਤਾ ਕਰਦਾ ਹੈ। ਉਨ੍ਹਾਂ ਨੇ ਹਰੇਕ ਬਲਾਕ ’ਚ ਵਰਤੇ ਜਾਣ ਵਾਲੇ ਸਾਧਨਾਂ ਦੇ ਕੰਮਕਾਜ ਨੂੰ ਵਿਹਾਰਕ ਉਦਾਹਰਣਾਂ ਦੇ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਕੰਪਨੀਆਂ ਨੇ ਗ੍ਰਾਹਕਾਂ ਦੀ ਮੰਗ ’ਚ ਤਬਦੀਲੀ ਅਤੇ ਸਰਕਾਰ ਦੇ ਫ਼ੈਸਲਿਆਂ ਨਾਲ ਆਪਣੀਆਂ ਵਪਾਰਿਕ ਨੀਤੀਆਂ ਨੂੰ ਕਿਵੇਂ ਬਦਲਿਆ, ਸਬੰਧੀ ਚਾਨਣਾ ਪਾਇਆ। ਉਨ੍ਹਾਂ ਨੇ ਮੁੱਖ ਗੁਣਾਂ ਵਾਲੇ ਵੱਖ-ਵੱਖ ਵਪਾਰਿਕ ਮਾਡਲਾਂ ਦੇ ਗੁਣਵੱਤਾ ਪਹਿਲੂਆਂ ਅਤੇ ਦ੍ਰਿਸ਼ਟੀਕੋਣ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਵਪਾਰਕ ਮਾਡਲ ਉਤਪਾਦ, ਪ੍ਰੀਕ੍ਰਿਆ, ਗ੍ਰਾਹਕ, ਵੰਡ, ਵਿੱਤ ਅਤੇ ਪ੍ਰਸ਼ਾਸਨ 6 ਖੇਤਰਾਂ ਸਬੰਧੀ ਧਿਆਨ ਕੇਂਦਰਿਤ ਕਰਦੇ ਹਨ। ਇਸ ਮੌਕੇ ਉਨ੍ਹਾਂ ਨੇ ਇਹ ਅਜਿਹੇ ਕਾਰੋਬਾਰੀ ਮਾਡਲ ’ਤੇ ਜ਼ੋਰ ਦਿੱਤਾ, ਜਿਸ ’ਚ ਕਈ ਆਮਦਨੀ ਧਾਰਾਵਾਂ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਡਾ. ਦੇਵਗਨ ਨੇ ਸੈਸ਼ਨ ਦੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਲੱਖਣ ਪ੍ਰੋਗਰਾਮ ਵੱਖ-ਵੱਖ ਖੇਤਰਾਂ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅਜਿਹੇ ਮਾਹੌਲ ’ਚ ਇਕੱਠਾ ਕਰਦਾ ਹੈ ਜਿੱਥੇ ਉਹ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਹਨ। ਇਸ ਮੌਕੇ ਪ੍ਰੋ. ਅਨਿੰਦਿਤਾ ਕਾਹਲੋਂ ਆਦਿ ਤੋਂ ਇਲਾਵਾ ਹੋਰ ਸਟਾਫ਼ ਅਤੇ ਵੱਡੀ ਗਿਣਤੀ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ। ਉਕਤ ਪ੍ਰੋਗਰਾਮ ਇਕ ਸਵਾਲ-ਜਵਾਬ ਦੇ ਸੈਸ਼ਨ ਨਾਲ ਸਮਾਪਤ ਹੋਇਆ।