ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਤੋਹਫ਼ੇ ਵੇਚਣ ਦੇ ਮਾਮਲੇ (ਤੋਸ਼ਾਖਾਨਾ ਕੇਸ) ਵਿਚ ਰਾਹਤ ਮਿਲੀ ਹੈ। ਖਬਰਾਂ ਮੁਤਾਬਕ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਨੂੰ ਇਸ ਮਾਮਲੇ ’ਚ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਫਿਲਹਾਲ ਇਸਲਾਮਾਬਾਦ ਹਾਈ ਕੋਰਟ ਨੇ ਇਸ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਖਾਨ ਨੂੰ ਜੇਲ ’ਚ ਹੀ ਰਹਿਣਾ ਪਵੇਗਾ ਕਿਉਂਕਿ ਉਹਨਾਂ ਨੂੰ ਦੋ ਹੋਰ ਮਾਮਲਿਆਂ ’ਚ ਸਜ਼ਾ ਹੋ ਚੁੱਕੀ ਹੈ।
ਤੋਸ਼ਾਖਾਨਾ ਮਾਮਲੇ ’ਚ ਇਮਰਾਨ ਅਤੇ ਬੁਸ਼ਰਾ ਨੂੰ 31 ਜਨਵਰੀ ਨੂੰ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਵਿਆਹ ਦੇ ਦੋਸ਼ ’ਚ ਦੋਵਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਗੁਪਤ ਪੱਤਰ ਚੋਰੀ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
’ਡਾਨ ਨਿਊਜ਼’ ਮੁਤਾਬਕ- ਸੋਮਵਾਰ ਨੂੰ ਸੁਣਵਾਈ ਦੌਰਾਨ ਮੁਹੰਮਦ ਬਸ਼ੀਰ ਨੇ ਕਿਹਾ ਕਿ ਖਾਨ ਦੇ ਖਿਲਾਫ਼ ਇਸ ਮਾਮਲੇ ਦੀ ਸੁਣਵਾਈ ਈਦ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਇਮਰਾਨ ਅਡਿਆਲਾ ਜੇਲ ’ਚ ਹਨ, ਜਦਕਿ ਬੁਸ਼ਰਾ ਨੂੰ ਇਮਰਾਨ ਦੇ ਬਨੀਗਾਲਾ ਘਰ ’ਚ ਰੱਖਿਆ ਗਿਆ ਹੈ। ਇਸ ਘਰ ਦਾ ਇੱਕ ਹਿੱਸਾ ਜੇਲ੍ਹ ਵਿਚ ਤਬਦੀਲ ਹੋ ਚੁੱਕਾ ਹੈ। ਇੱਥੇ ਬੁਸ਼ਰਾ ਸਖ਼ਤ ਨਿਗਰਾਨੀ ਹੇਠ ਰਹਿੰਦੀ ਹੈ।