ਚੰਡੀਗੜ੍ਹ/ਜਲੰਧਰ, (ਦਲਜੀਤ ਕੌਰ) – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਬੀਤੇ ਕਲ ਇਸਰਾਇਲ ਵੱਲੋਂ ਫਲਸਤੀਨ ਦੇ ਗਾਜ਼ਾ ਉੱਤੇ ਹਾਈਪਰਸੋਨਿਕ ਮਿਜਾਇਲ ਦਾ ਹਮਲਾ ਕਰਕੇ 400 ਤੋਂ ਵੀ ਵੱਧ ਫਲਸੀਤੀਨੀਆਂ ਨੂੰ ਮਾਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਇਹ ਹਮਲਾ ਕਰਕੇ ਇਸਰਾਇਲ ਨੇ ਯੁੱਧਬੰਦੀ ਤੋੜ ਦਿੱਤੀ ਹੈ। ਇਹ ਸ਼ਾਵਨਵਾਦੀ ਅਮਰੀਕਨ ਸਾਮਰਾਜ ਦੀ ਸ਼ਹਿ ਉੱਤੇ ਕੀਤਾ ਗਿਆ ਹੈ, ਜੋ ਇਕ ਧਰੁੱਵੀ ਸੰਸਾਰ ਸਿਰਜਣਾ ਚਾਹੁੰਦਾ ਹੈ। ਅਮਰੀਕਾ ਗਾਜ਼ਾ ਦੇ ਫਲਸੀਤੀਨੀਆਂ ਨੂੰ ਉੱਥੋਂ ਉਜਾੜਕੇ ਹੋਰ ਦੇਸ਼ਾਂ ਵਿੱਚ ਵਸਾਉਣ ਦੀਆਂ ਗੱਲਾਂ ਕਰ ਰਿਹਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ 21ਵੀਂ ਸਦੀ ਦਾ ਸਭ ਤੋਂ ਵੱਡਾ ਉਜਾੜਾ ਹੋਵੇਗਾ। ਇਸਰਾਇਲ ਫਲਸੀਤੀਨੀਆਂ ਨਾਲ ਉਹ ਕੁੱਝ ਕਰ ਰਿਹਾ ਹੈ, ਜੋ 20ਵੀਂ ਸਦੀ ਵਿੱਚ ਉਸ ਨਾਲ ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸਰਾਇਲ ਯੁੱਧ ਦੇ ਸਾਰੇ ਨਿਯਮ ਤੋੜ ਕੇ ਰਿਹਾਇਸ਼ੀ ਵਸੋਂ, ਸਕੂਲਾਂ, ਹਸਪਤਾਲਾਂ ’ਤੇ ਹਮਲੇ ਕਰ ਰਿਹਾ ਹੈ ਅਤੇ ਮਨੁੱਖਤਾ ਦਾ ਘਾਣ ਕਰ ਰਿਹਾ ਹੈ, ਜਿਸ ਵਿੱਚ ਔਰਤਾਂ ਤੇ ਬੱਚੇ ਵਿਸ਼ੇਸ਼ ਤੌਰ ’ਤੇ ਮਾਰੇ ਜਾ ਰਹੇ ਹਨ। ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਇਸ ਜੰਗ ਵਿੱਚ ਮਾਰੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਯੂਰਪੀਅਨ ਸੱਤਾਧਾਰੀਆਂ ਨੇ ਆਪਣੇ ਮੂੰਹਾਂ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ। ਉਨ੍ਹਾਂ ਇਸਰਾਇਲ ਵੱਲੋਂ ਕੀਤੀ ਜਾ ਰਹੀ ਫਲਸੀਤੀਨੀਆਂ ਦੀ ਤਬਾਹੀ ਵਿਰੁੱਧ ਸਾਰੇ ਜਮਹੂਰੀ ਅਤੇ ਅਮਨਪਸੰਦ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।