ਨਵੀਂ ਦਿੱਲੀ – ਚੰਦਰਮਾ ਤੇ ਮੰਗਲ ’ਤੇ ਮਿਸ਼ਨ ਭੇਜਣ ਤੋਂ ਬਾਅਦ ਭਾਰਤੀ ਪੁਲਾਡ਼ ਖੋਜ ਸੰਗਠਨ (ਇਸਰੋ) ਹੁਣ ਸ਼ੁੱਕਰ ਦੇ ਪੰਧ ਵਿਚ ਭੇਜਣ ਲਈ ਇਕ ਪੁਲਾਡ਼ ਯਾਨ ਤਿਆਰ ਕਰ ਰਿਹਾ ਹੈ ਤਾਂ ਕਿ ਇਹ ਅਧਿਐਨ ਕੀਤਾ ਜਾ ਸਕੇ ਕਿ ਸੌਰ ਮੰਡਲ ਦੇ ਸਭ ਤੋਂ ਗਰਮ ਗ੍ਰਹਿ ਦੀ ਸਤ੍ਹਾ ਦੇ ਹੇਠਾਂ ਕੀ ਹੈ ਅਤੇ ਇਸ ਨੂੰ ਘੇਰੇ ਸਲਫਯੂਰਿਕ ਐਸਿਡ ਦੇ ਬੱਦਲਾਂ ਦੇ ਹੇਠਾਂ ਦਾ ਰਹੱਸ ਕੀ ਹੈ।
ਭਾਰਤੀ ਪੁਲਾਡ਼ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਐੱਸ ਸੋਮਨਾਥ ਨੇ ‘ਵੀਨਸਿਅਨ ਸਾਇੰਸ’ ’ਤੇ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੁੱਕਰ ਮਿਸ਼ਨ ਦੀ ਪਰਿਕਲਪਨਾ ਕੀਤੀ ਗਈ ਹੈ ਅਤੇ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਵਿਗਿਆਨੀਆਂ ਤੋਂ ਉੱਚ ਪ੍ਰਭਾਵ ਵਾਲੇ ਨਤੀਜਿਆਂ ’ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਹੈ। ਸੋਮਨਾਥ ਨੇ ਆਪਣੇ ਭਾਸ਼ਣ ਵਿਚ ਕਿਹਾ, ‘ਭਾਰਤ ਲਈ ਸ਼ੁੱਕਰ ਦੇ ਪੰਧ ਵਿਚ ਮਿਸ਼ਨ ਭੇਜਣਾ ਬਹੁਤ ਘੱਟ ਸਮੇਂ ਵਿਚ ਸੰਭਵ ਹੈ, ਕਿਉਂਕਿ ਭਾਰਤ ਕੋਲ ਅੱਜ ਇਹ ਸਮਰੱਥਾ ਹੈ।’ ਇਸਰੋ ਮਿਸ਼ਨ ਨੂੰ ਭੇਜਣ ਲਈ ਦਸੰਬਰ, 2024 ਦਾ ਟੀਚਾ ਲੈ ਕੇ ਚੱਲ ਰਿਹਾ ਹੈ।