ਇਸ ਸਾਲ 2025 ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਇਲੌਨ ਮਸਕ, ਲੈਰੀ ਪੇਜ, ਲੈਰੀ ਐਲਿਸਨ, ਜੈਫ਼ ਬੇਜ਼ੋਸ, ਸਰਗੇ ਬ੍ਰਿਨ, ਸਟੀਵ ਬਾਲਮਰ, ਵਾਰਨ ਬਫੇਟ, ਜੇਨਸਨ ਹੁਆਂਗ, ਬਰਨਾਰਡ ਅਰਨੌਲਟ ਅਤੇ ਮਾਰਕ ਜ਼ਕਰਬਰਗ ਸ਼ਾਮਿਲ ਹਨ। ਸਾਲ 2025 ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਦੌਲਤ ਵਿੱਚ ਬੇਅੰਤ ਵਾਧਾ ਹੋਇਆ ਹੈ ਅਤੇ ਕਈ ਨਾਟਕੀ ਉਤਾਰ-ਚੜ੍ਹਾਅ ਵੀ ਦੇਖਣ ਵਿੱਚ ਆਏ ਹਨ। ਇਸ ਸਾਲ ਦੌਰਾਨ ਟੈਕਨੋਲੋਜੀ ਨਾਲ ਜੁੜੀ ਦੌਲਤ ਵਿੱਚ ਤੇਜ਼ ਵਾਧਾ ਹੋਇਆ, ਸ਼ੇਅਰ ਬਾਜ਼ਾਰ ਵਿੱਚ ਵੱਡੇ ਉਰਾਅ-ਚੜਾਅ ਆਏ ਅਤੇ ਰੈਂਕਿੰਗ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਬਾਜ਼ਾਰ ਦੀ ਭਾਵਨਾ ਅਤੇ ਸ਼ੇਅਰਾਂ ਦੀ ਕਾਰਗੁਜ਼ਾਰੀ ਦੇ ਕਾਰਣ ਅਰਬਪਤੀਆਂ ਦੀ ਦੌਲਤ ਵਿੱਚ ਵੀ ਹਰ ਰੋਜ਼ ਉਤਾਰ-ਚੜ੍ਹਾਅ ਹੁੰਦਾ ਰਹਿੰਦਾ ਹੈ। ਦੁਨੀਆਂ ਦੇ ਜ਼ਿਆਦਾਤਰ ਅਮੀਰਾਂ ਨੇ 2025 ਦੇ ਅੰਤ ਤੱਕ ਆਪਣੀ ਕੁੱਲ ਦੌਲਤ ਵਿੱਚ ਵਾਧਾ ਦਰਜ ਕੀਤਾ ਹੈ।
ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇਸ ਲਿਸਟ ਦੇ ਵਿੱਚ ਦੁਨੀਆਂ ਸਭ ਤੋਂ ਜਿਆਦਾ ਅਮੀਰ ਲੋਕਾਂ ਦੀ ਸੂਚੀ ਦੇ ਵਿੱਚ ਦੋ ਭਾਰਤੀ ਮੁਕੇਸ਼ ਅੰਬਾਨੀ 105 ਬਿਲੀਅਨ ਡਾਲਰ ਦੇ ਨਾਲ 18ਵੇਂ ਨੰਬਰ ਜਦਕਿ ਗੌਤਮ ਅਡਾਨੀ 83.8 ਬਿਲੀਅਨ ਡਾਲਰ ਦੇ ਨਾਲ 20ਵੇਂ ਨੰਬਰ ‘ਤੇ ਬਰਕਰਾਰ ਹਨ। ਇਹ ਅੰਕੜੇ ਬਲੂਮਬਰਗ ਵੱਲੋਂ 18 ਦਸੰਬਰ 2025 ਦੀ ਤਾਜ਼ਾ ਰੀਅਲ-ਟਾਈਮ ਟ੍ਰੈਕਿੰਗ ਤੋਂ ਲਏ ਗਏ ਹਨ, ਜੋ ਸੰਪਤੀਆਂ ਦੀ ਮੌਜੂਦਾ ਬਾਜ਼ਾਰੀ ਕੀਮਤ, ਸ਼ੇਅਰਾਂ ਦੀ ਕਾਰਗੁਜ਼ਾਰੀ ਅਤੇ ਹੋਰ ਨਿਵੇਸ਼ਾਂ ਨੂੰ ਦਰਸਾਉਂਦੇ ਹਨ।
ਬਲੂਮਬਰਗ ਅਤੇ ਫੋਰਬਸ ਦੇ ਵਲੋਂ ਦੁਨੀਆਂ ਦੇ ਸਭ ਤੋਂ ਜਿਆਦਾ ਦੌਲਤਮੰਦ ਲੋਕਾਂ ਦੀ ਇੱਕ ਤਾਜ਼ਾ ਲਿਸਟ ਜਾਰੀ ਕੀਤੀ ਹੈ। ਬਲੂਮਬਰਗ ਦੇ ਵਲੋਂ 18 ਦਸੰਬਰ 2025 ਦੇ ਤਾਜ਼ਾ ਇੰਡੈਕਸ ਦੇ ਅਨੁਸਾਰ ਦੁਨੀਆਂ ਦੇ 10 ਸਭ ਤੋਂ ਜਿਆਦਾ ਅਮੀਰ ਬਿਲੀਅਨੇਅਰਜ਼ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
ਇਲੌਨ ਮਸਕ – (ਟੈਸਲਾ, ਸਪੇਸਐਕਸ) 632 ਬਿਲੀਅਨ ਡਾਲਰ
ਲੈਰੀ ਪੇਜ – (ਐਲਫਾਬੈਟ / ਗੂਗਲ) 256 ਬਿਲੀਅਨ ਡਾਲਰ
ਜੇਫ਼ ਬੇਜ਼ੋਸ – (ਅਮੇਜ਼ਾਨ) 244 ਬਿਲੀਅਨ ਡਾਲਰ
ਸਰਗੇ ਬ੍ਰਿਨ – (ਐਲਫਾਬੈਟ / ਗੂਗਲ) – 238 ਬਿਲੀਅਨ ਡਾਲਰ
ਲੈਰੀ ਐਲਿਸਨ – (ਓਰੇਕਲ) 231 ਬਿਲੀਅਨ ਡਾਲਰ
ਮਾਰਕ ਜ਼ਕਰਬਰਗ – (ਮੇਟਾ ਪਲੇਟਫਾਰਮਜ਼) – 229 ਬਿਲੀਅਨ ਡਾਲਰ
ਬਰਨਾਰਡ ਅਰਨੌਲਟ ਅਤੇ ਪਰਿਵਾਰ – (ਐਲਵੀਐਮਐਚ) – 204 ਬਿਲੀਅਨ ਡਾਲਰ
ਸਟੀਵ ਬਾਲਮਰ – (ਮਾਈਕਰੋਸਾਫਟ) 166 ਬਿਲੀਅਨ ਡਾਲਰ
ਵਾਰਨ ਬਫੇਟ – (ਬਰਕਸ਼ਾਇਰ ਹੈਥਵੇ) 152 ਬਿਲੀਅਨ ਡਾਲਰ
ਜੇਨਸਨ ਹੁਆਂਗ – (ਐਨਵਿਡੀਆ) 149 ਬਿਲੀਅਨ ਡਾਲਰ
ਬਲੂਮਬਰਗ ਦੀ ਤਾਜ਼ਾ ਲਿਸਟ ਦੇ ਵਿੱਚ ਦੁਨੀਆਂ ਦੇ 20 ਸਭ ਤੋਂ ਅਮੀਰ ਲੋਕਾਂ ਦੇ ਵਿੱਚ ਦੋ ਭਾਰਤੀ, ਦੋ ਫਰਾਂਸੀਸੀ, ਇੱਕ ਸਪੈਨਿਸ਼ ਅਤੇ ਇੱਕ ਮੈਕਸੀਕਨ ਅਮੀਰ ਵੀ ਸ਼ਾਮਿਲ ਹੈ ਜਦਕਿ ਬਾਕੀ ਸਾਰੇ 14 ਦੌਲਤਮੰਦ ਅਮਰੀਕਨ ਹਨ। ਇਸ ਲਿਸਟ ਦੇ ਅਨੁਸਾਰ ਦੁਨੀਆਂ ਦੇ 20 ਸਭ ਤੋਂ ਅਮੀਰ ਲੋਕਾਂ ਦੇ ਵਿੱਚ ਫਰਾਸ਼ ਦੇ ਬਰਨਾਰਡ ਅਰਨੌਲਟ 7ਵੇਂ, ਸਪੇਨ ਦੇ ਅਮਾਨਸੀਓ ਓਰਟੇਗਾ 15ਵੇਂ, ਮੈਕਸੀਕੋ ਦੇ ਕਾਰਲੋਸ ਸਲੀਮ 17ਵੇਂ, ਭਾਰਤ ਦੇ ਮੁਕੇਸ਼ ਅੰਬਾਨੀ 18ਵੇਂ, ਫਰਾਂਸ ਦੇ ਅਮਾਨਸੀਓ ਓਰਟ ਕਰਨਾ 19ਵੇਂ ਅਤੇ ਭਾਰਤ ਦੇ ਹੀ ਗੌਤਮ ਅਡਾਨੀ 20ਵੇਂ ਨੰਬਰ ‘ਤੇ ਮੌਜੂਦ ਹਨ।
ਇਸ ਸਾਲ 2025 ਦੀ ਸ਼ੁਰੂਆਤ ਵਿੱਚ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਬਾਵਜੂਦ ਇਲੌਨ ਮਸਕ ਮਸਕ ਦੀ ਕੁੱਲ ਦੌਲਤ ਵਿੱਚ ਵਾਧਾ ਜਾਰੀ ਰਿਹਾ। ਸਪੇਸਐਕਸ ਅਤੇ ਟੈਸਲਾ ਦੀ ਕੀਮਤ ਵਿੱਚ ਆਏ ਤੇਜ਼ ਵਾਧੇ ਨੇ ਇਸਨੂੰ ਹੋਰ ਮਜ਼ਬੂਤ ਕੀਤਾ ਅਤੇ ਉਹ ਇਤਿਹਾਸਕ 1 ਟ੍ਰਿਲੀਅਨ ਮੁੱਲਾਂਕਣ ਦੇ ਹੋਰ ਨੇੜੇ ਪਹੁੰਚ ਗਏ ਹਨ।
ਐਲਫਾਬੈਟ ਦੇ ਸਹਿ-ਸੰਸਥਾਪਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਨੇ ਐਲਫਾਬੈਟ ਦੇ ਸ਼ੇਅਰਾਂ ਵਿੱਚ ਆਈ ਤੇਜ਼ੀ ਕਾਰਣ ਵੱਡਾ ਲਾਭ ਦਰਜ ਕੀਤਾ। ਬਿਜ਼ਨਸ ਇਨਸਾਈਡਰ ਮੁਤਾਬਕ ਇਸ ਨਾਲ ਉਨ੍ਹਾਂ ਦੀ ਸਾਂਝੀ ਦੌਲਤ ਵਿੱਚ ਭਾਰੀ ਇਜ਼ਾਫ਼ਾ ਹੋਇਆ।
ਬਰਨਾਰਡ ਅਰਨੌਲਟ ਅਤੇ ਪਰਿਵਾਰ ਅਤੇ ਸਟੀਵ ਬਾਲਮਰ ਨੂੰ ਵੀ ਸਾਲ ਭਰ ਲਗਜ਼ਰੀ ਗੁਡਜ਼ ਅਤੇ ਟੈਕਨੋਲੋਜੀ ਸ਼ੇਅਰਾਂ ਵਿੱਚ ਚੜ੍ਹਾਅ ਕਾਰਨ ਆਪਣੀ ਦੌਲਤ ਵਿੱਚ ਵਾਧਾ ਦੇਖਣ ਨੂੰ ਮਿਲਿਆ।
ਇੰਨਾ ਹੀ ਨਹੀਂ ਕਈ ਟੈਕ ਉਦਯੋਗਪਤੀਆਂ ਨੂੰ ਸਾਲ 2025 ਵਿੱਚ ਝਟਕੇ ਵੀ ਲੱਗੇ ਹਨ। ਬਾਜ਼ਾਰ ਦੀ ਅਸਥਿਰਤਾ ਕਾਰਨ ਕਈ ਵਾਰ ਮੇਟਾ ਅਤੇ ਅਮੇਜ਼ਾਨ ਦੇ ਕੁੱਝ ਹਿੱਸਿਆਂ ਨੂੰ ਪ੍ਰਭਾਵ ਪਿਆ ਹੈ। ਹਾਲਾਂਕਿ ਫੋਰਬਸ ਮੁਤਾਬਕ, ਐਨਵਿਡੀਆ ਦੇ ਜੇਨਸਨ ਹੁਆੰਗ ਸਮੇਤ ਕਈ ਅਰਬਪਤੀ ਸਾਲ ਦੇ ਅੰਤ ਤੱਕ ਮਜ਼ਬੂਤ ਸਥਿਤੀ ਵਿੱਚ ਰਹੇ ਹਨ।
ਲੈਰੀ ਐਲਿਸਨ ਸਤੰਬਰ ਵਿੱਚ ਔਰੇਕਲ ਦੇ ਸ਼ੇਅਰ ਮੁੱਲ ਵਿੱਚ ਤੇਜ਼ੀ ਤੋਂ ਬਾਅਦ ਥੋੜ੍ਹੇ ਸਮੇਂ ਲਈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਪਰ ਬਾਅਦ ਵਿੱਚ ਸ਼ੇਅਰਾਂ ਵਿੱਚ ਗਿਰਾਵਟ ਆਉਣ ਨਾਲ ਉਹਨਾਂ ਲਾਭ ਕੁੱਝ ਹੱਦ ਤੱਕ ਘੱਟ ਵੀ ਹੋ ਗਿਆ।
ਮਾਰਕ ਜ਼ਕਰਬਰਗ ਵਰਗੇ ਹੋਰ ਅਰਬਪਤੀਆਂ ਨੂੰ ਵੀ ਸਾਲ ਦੀ ਸ਼ੁਰੂਆਤ ਵਿੱਚ ਦੌਲਤ ਵਿੱਚ ਕਮੀ ਦੇ ਦੌਰਾਂ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਬਾਅਦ ਵਿੱਚ ਬਾਜ਼ਾਰ ਵਿੱਚ ਮੁੜ ਚੜ੍ਹਾਅ ਆਇਆ ਹੇ।
ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਟੌਪ 10 ਸਭ ਤੋਂ ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਮੁਤਾਬਕ ਉਨ੍ਹਾਂ ਦੀ ਕੁੱਲ ਦੌਲਤ ਵਿੱਚ ਤੇਜ਼ ਗਿਰਾਵਟ ਦਾ ਮੁੱਖ ਕਾਰਣ ਉਨ੍ਹਾਂ ਵਲੋਂ ਆਪਣੀ ਸੰਪਤੀ ਦਾ ਵੱਡਾ ਹਿੱਸਾ ਦਾਨ-ਪੁੰਨ ਕੀਤੇ ਜਾਣਾ ਹੈ। ੳੇਹਨਾਂ ਦੀ ਦੌਲਤ ਲਗਭਗ 175 ਬਿਲੀਅਨ ਡਾਲਰ ਤੋਂ ਘੱਟ ਕੇ ਕਰੀਬ 117 ਬਿਲੀਅਨ ਡਾਲਰ ਰਹਿ ਗਈ, ਜਿਸ ਨਾਲ ਉਹ ਟੌਪ 10 ਤੋਂ ਬਾਹਰ ਹੋ ਗਏ।
