ਚੇਨਈ – ਅਜਿੰਕੇ ਰਹਾਣੇ ਨੇ ਬਤੌਰ ਕਪਤਾਨ ਆਸਟ੍ਰੇਲੀਆ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਉਹ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਚੁਣੌਤੀਪੂਰਨ ਟੈਸਟ ਸੀਰੀਜ਼ ‘ਚ ਵਿਰਾਟ ਕੋਹਲੀ ਦੀ ਮਦਦ ਕਰਨਾ ਚਾਹੁੰਦੇ ਹਨ। ਰਹਾਣੇ ਨੇ ਇਹ ਵੀ ਕਿਹਾ ਕਿ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਸੀਰੀਜ਼ ਵਿਚ ਇੰਗਲੈਂਡ ਵਰਗੀ ਬਿਹਤਰੀਨ ਟੀਮ ਖ਼ਿਲਾਫ਼ ਜ਼ਰੂਰਤ ਤੋਂ ਵੱਧ ਆਤਮਵਿਸ਼ਵਾਸ ਲਈ ਕੋਈ ਥਾਂ ਨਹੀਂ ਹੈ।
ਅਗਲੇ ਮੈਚਾਂ ਤੋਂ ਹੀ ਜੂਨ ਵਿਚ ਲਾਰਡਜ਼ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਦੀ ਵਿਰੋਧੀ ਟੀਮ ਦਾ ਫ਼ੈਸਲਾ ਹੋਵੇਗਾ। ਰਹਾਣੇ ਨੇ ਬੁੱਧਵਾਰ ਨੂੰ ਕਿਹਾ ਕਿ ਮੇਰਾ ਕੰਮ ਵਿਰਾਟ ਦੀ ਮਦਦ ਕਰਨਾ ਹੈ। ਮੇਰਾ ਕੰਮ ਹੁਣ ਅਸਲ ਵਿਚ ਸੌਖਾ ਹੈ। ਜਦ ਵਿਰਾਟ ਮੈਨੂੰ ਕੁਝ ਵੀ ਪੁੱਛਣਗੇ ਤਾਂ ਮੈਂ ਉਨ੍ਹਾਂ ਨੂੰ ਦੱਸਾਂਗਾ। ਵਿਰਾਟ ਕਪਤਾਨ ਸਨ ਤੇ ਉਹ ਪਰਿਵਾਰਕ ਕਾਰਨਾਂ ਨਾਲ ਦੇਸ਼ ਮੁੜੇ ਸਨ। ਇਸ ਲਈ ਮੈਂ ਆਸਟ੍ਰੇਲੀਆ ਵਿਚ ਕਪਤਾਨ ਬਣਿਆ।
ਇਸ ਸੀਨੀਅਰ ਬੱਲੇਬਾਜ਼ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਸੀਰੀਜ਼ ਵਿਚ ਜਿੱਤ ਹੁਣ ਉਨ੍ਹਾਂ ਲਈ ਬੀਤੀ ਗੱਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਜਿੱਤ ਤੋਂ ਬਾਅਦ ਹੁਣ ਅਸੀਂ ਵਰਤਮਾਨ ਵਿਚ ਹਾਂ। ਅਸੀਂ ਇੰਗਲੈਂਡ ਦੀ ਟੀਮ ਦਾ ਸਨਮਾਨ ਕਰਦੇ ਹਾਂ ਜਿਸ ਨੇ ਸ੍ਰੀਲੰਕਾ ਵਿਚ ਟੈਸਟ ਸੀਰੀਜ਼ ਜਿੱਤੀ। ਅਸੀਂ ਚੰਗੇ ਪੱਧਰ ਦੀ ਕ੍ਰਿਕਟ ਖੇਡਣਾ ਚਾਹੁੰਦੇ ਹਾਂ ਤੇ ਕਿਸੇ ਨੂੰ ਘੱਟ ਨਹੀਂ ਸਮਝ ਰਹੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਹੁਣ ਕੁਝ ਮਹੀਨੇ ਦਾ ਸਮਾਂ ਹੈ।
ਧਿਆਨ ਮੌਜੂਦਾ ਸੀਰੀਜ਼ ‘ਤੇ ਹੋਣਾ ਚਾਹੀਦਾ ਹੈ। ਨਿਊਜ਼ੀਲੈਂਡ ਨੇ ਕਾਫੀ ਚੰਗਾ ਪ੍ਰਦਸ਼ਨ ਕੀਤਾ ਤੇ ਉਹ ਫਾਈਨਲ ਦੀ ਹੱਕਦਾਰ ਹੈ। ਅਸੀਂ ਇਕ ਵਾਰ ਸਿਰਫ਼ ਇਕ ਮੈਚ ‘ਤੇ ਹੀ ਧਿਆਨ ਦੇਵਾਂਗੇ। ਉੱਪ ਕਪਤਾਨ ਨੇ ਟੀਮ ਬਾਰੇ ਕੁਝ ਵੀ ਨਹੀਂ ਕਿਹਾ ਪਰ ਸੰਕੇਤ ਦਿੱਤਾ ਕਿ ਚੇਪਕ ਵਿਚ ਸਪਿੰਨਰਾਂ ਲਈ ਪਿੱਚ ਮਦਦਗਾਰ ਹੋਵੇਗੀ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਪਿੰਨਰ ਅਕਸ਼ਰ ਪਟੇਲ ਨੂੰ ਟੈਸਟ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਵੀਰਵਾਰ ਦੀ ਟ੍ਰੇਨਿੰਗ ਤੋਂ ਬਾਅਦ ਟੀਮ ‘ਤੇ ਫ਼ੈਸਲਾ ਕਰਾਂਗੇ। ਭਾਰਤੀ ਵਿਕਟ ਵਿਚ ਹਮੇਸ਼ਾ ਸਪਿੰਨਰਾਂ ਲਈ ਕੁਝ ਨਾ ਕੁਝ ਰਿਹਾ ਹੈ। ਅਸੀਂ ਖ਼ੁਦ ਨੂੰ ਮਜ਼ਬੂਤ ਕਰਾਂਗੇ। ਇੰਤਜ਼ਾਰ ਕਰਦੇ ਹਾਂ ਤੇ ਦੇਖਦੇ ਹਾਂ।