
19 ਅਗਸਤ ਨੂੰ ਆਈ.ਐਸ. ਵੱਲੋਂ ਕਾਬਲ ਹਵਾਈ ਅੱਡੇ ਦੇ ਬਾਹਰ ਕੀਤੇ ਗਏ ਮਨੁੱਖੀ ਬੰਬ ਧਮਾਕੇ ਵਿੱਚ ਕਰੀਬ 100 ਅਫਗਾਨ ਨਾਗਰਿਕਾਂ ਤੋਂ ਇਲਾਵਾ 13 ਅਮਰੀਕੀ ਸੈਨਿਕ ਵੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ। ਇਹ 2011 ਤੋਂ ਬਾਅਦ ਇੱਕੋ ਦਿਨ ਮਰਨ ਵਾਲੇ ਅਮਰੀਕੀ ਸੈਨਿਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਜਦੋਂ ਤਾਲਿਬਾਨ ਵੱਲੋਂ ਰਾਕਟ ਮਾਰ ਕੇ ਸੁੱਟੇ ਗਏ ਹੈਲੀਕਾਪਟਰ ਵਿੱਚ ਸਵਾਰ 30 ਅਮਰੀਕੀ ਸੈਨਿਕ ਮਾਰੇ ਗਏ ਸਨ। ਅਫਗਾਨਿਸਤਾਨ ਵਿੱਚ ਅਮਰੀਕਾ ਨੂੰ ਬੁਰੀ ਤਰਾਂ ਮੂੰਹ ਦੀ ਖਾਣੀ ਪਈ ਹੈ। 20 ਸਾਲ ਦੇ ਬੇਅਰਥ ਯੁੱਧ ਵਿੱਚ ਹਜ਼ਾਰਾਂ ਸੈਨਿਕ ਮਰਵਾ ਕੇ ਤੇ ਅਰਬਾਂ ਡਾਲਰ ਫੂਕ ਕੇ ਉਸ ਨੂੰ ਵੀਅਤਨਾਮ ਯੁੱਧ ਵਾਂਗ ਮੂੰਹ ਛਿਪਾ ਕੇ ਅਫਗਾਨਿਸਤਾਨ ਤੋਂ ਭੱਜਣਾ ਪੈ ਰਿਹਾ ਹੈ। ਤਾਲਿਬਾਨ ਦੀ ਹਿੰਮਤ ਐਨੀ ਵਧ ਗਈ ਹੈ ਕਿ ਉਨ੍ਹਾਂ ਨੇ ਅਮਰੀਕਾ ਨੂੰ ਅਫਗਾਨਿਸਤਾਨ ਤੋਂ ਨਿਕਲਣ ਲਈ 31 ਅਗਸਤ ਤੋਂ ਵੱਧ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕੋਤਾਹੀ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦੇ ਦਿੱਤੀ ਹੈ। ਅਮਰੀਕਾ ਨੇ ਥੋੜ੍ਹੀ ਬਹੁਤ ਆਨਕਾਨੀ ਕਰਨ ਤੋਂ ਬਾਅਦ ਡਰਦੇ ਮਾਰੇ ਤਾਲਿਬਾਨ ਦੀ ਗੱਲ ਮੰਨ ਲਈ ਹੈ। ਅਫਗਾਨਿਸਤਾਨ ਨੂੰ ਸਾਮਰਾਜਾਂ ਦਾ ਕਬਰਿਸਤਾਨ ਕਿਹਾ ਜਾਂਦਾ ਹੈ ਤੇ ਜੰਗ ਲੜਨੀ ਉਨ੍ਹਾਂ ਦਾ ਕੌਮੀ ਸ਼ੁਗਲ ਹੈ।
ਅਮਰੀਕੀ ਹਮਲੇ ਦਾ ਹਾਲ ਵੀ 1839 ਦੇ ਇੰਗਲੈਂਡ ਅਤੇ 1979 ਦੇ ਰੂਸੀ ਹਮਲੇ ਵਰਗਾ ਹੋਇਆ ਹੈ। 1838 ਈਸਵੀ ਵਿੱਚ ਅਮੀਰ ਦੋਸਤ ਮੁਹੰਮਦ ਖਾਨ ਨੇ ਅੰਗਰੇਜ਼ਾਂ ਦੇ ਪਿੱਠੂ ਬਾਦਸ਼ਾਹ ਸ਼ਾਹ ਸ਼ੁਜਾਅ ਨੂੰ ਗੱਦੀ ਤੋਂ ਲਾਹ ਕੇ ਕਾਬਲ ‘ਤੇ ਕਬਜ਼ਾ ਕਰ ਲਿਆ ਸੀ। ਸ਼ਾਹ ਸ਼ੁਜਾਅ ਨੂੰ ਦੁਬਾਰਾ ਗੱਦੀ ‘ਤੇ ਬਿਠਾਉਣ ਖਾਤਰ ਈਸਟ ਇੰਡੀਆ ਕੰਪਨੀ ਦੀ 20000 ਫੌਜ ਨੇ 1839 ਵਿੱਚ ਕਾਬਲ ‘ਤੇ ਧਾਵਾ ਬੋਲ ਕੇ ਕਬਜ਼ਾ ਕਰ ਲਿਆ ਤੇ ਸ਼ਾਹ ਸ਼ੁਜਾਅ ਨੂੰ ਦੁਬਾਰਾ ਗੱਦੀ ‘ਤੇ ਬਿਠਾ ਦਿੱਤਾ। ਪਰ ਥੋੜ੍ਹੇ ਹੀ ਦਿਨਾਂ ਬਾਅਦ ਪਠਾਨਾਂ ਨੇ ਬਗਾਵਤ ਕਰ ਦਿੱਤੀ ਤੇ ਅੰਗਰੇਜ਼ ਫੌਜ ਖਾਨਾਜੰਗੀ ਵਿੱਚ ਉਲਝ ਗਈ। ਤਿੰਨ ਸਾਲ ਦੀ ਲੜਾਈ ਤੋਂ ਬਾਅਦ ਜਦੋਂ ਕੋਈ ਵਾਹ ਨਾ ਚੱਲੀ ਤਾਂ 1842 ਵਿੱਚ ਜਨਰਲ ਵਿਲੀਅਮ ਐਲਫਿਨਸਟੋਨ ਨੇ ਦੋਸਤ ਮੁਹੰਮਦ ਖਾਨ ਨਾਲ ਸੰਧੀ ਕਰ ਲਈ ਤੇ ਭਾਰਤ ਵੱਲ ਚਾਲੇ ਪਾ ਦਿੱਤੇ। ਪਰ ਰਸਤੇ ਵਿੱਚ ਉਸ ਦੀ ਫੌਜ ‘ਤੇ ਪਠਾਨਾਂ ਨੇ ਚਾਰੇ ਪਾਸੇ ਤੋਂ ਹਮਲਾ ਕਰ ਦਿੱਤਾ। ਜਨਰਲ ਵਿਲੀਅਮ ਐਲਫਿਨਸਟੋਨ ਸਮੇਤ ਤਕਰੀਬਨ ਸਾਰੀ ਫੌਜ ਮਾਰੀ ਗਈ ਤੇ ਸਿਰਫ 150 ਫੌਜੀ ਤੇ ਇੱਕ ਡਾਕਟਰ (ਵਿਲੀਅਮ ਬਰਾਈਡਨ) ਅੰਗਰੇਜ਼ਾਂ ਦੀ ਜਲਾਲਾਬਾਦ ਛਾਉਣੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਸਕੇ।
ਇਹ ਹੀ ਗਲਤੀ 24 ਦਸੰਬਰ 1979 ਨੂੰ ਰੂਸ (ਸੋਵੀਅਤ ਯੂਨੀਅਨ) ਨੇ ਕੀਤੀ ਸੀ। ਉਸ ਨੇ ਮੁਜ਼ਾਹਦੀਨਾਂ ਵੱਲੋਂ ਕੀਤੀ ਬਗਾਵਤ ਤੋਂ ਰੂਸ ਪੱਖੀ ਕਮਿਊਨਿਸਟ ਸਰਕਾਰ ਨੂੰ ਬਚਾਉਣ ਲਈ ਅਫਗਾਨਸਿਤਾਨ ‘ਤੇ ਹਮਲਾ ਕੀਤਾ ਸੀ। ਪਰ ਇਸ ਹਮਲੇ ਕਾਰਨ ਭੜਕ ਕੇ ਸਾਰੇ ਮੁਜ਼ਾਹਦੀਨ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਅਮਰੀਕਾ, ਪਾਕਿਸਤਾਨ, ਚੀਨ, ਇਰਾਨ, ਸਾਊਦੀ ਅਰਬ ਅਤੇ ਹੋਰ ਮੁਸਲਿਮ ਦੇਸ਼ਾਂ ਦੀ ਮਦਦ ਨਾਲ ਰੂਸੀਆਂ ਦਾ ਡਟ ਕੇ ਮੁਕਾਬਲਾ ਕੀਤਾ। ਇਹ ਜੰਗ 15 ਫਰਵਰੀ 1989 ਤੱਕ ਚੱਲਦੀ ਰਹੀ ਤੇ ਇਸ ਵਿੱਚ 25000 ਰੂਸੀ ਅਤੇ 90000 ਦੇ ਕਰੀਬ ਮੁਜ਼ਾਹਦੀਨ ਮਾਰੇ ਗਏ। ਭਾਰੀ ਨੁਕਸਾਨ ਉਠਾਉਣ ਤੋਂ ਬਾਅਦ 1988 ਵਿੱਚ ਹੋਈ ਜਨੇਵਾ ਸੰਧੀ ਅਨੁਸਾਰ ਰੂਸੀ ਫੌਜਾਂ ਅਫਗਾਨਿਸਤਾਨ ਦੇ ਕਮਿਊਨਿਸਟ ਪ੍ਰਧਾਨ ਮੰਤਰੀ ਮੁਹੰਮਦ ਨਜ਼ੀਬੁਲਾ ਨੂੰ ਉਸ ਦੇ ਹਾਲ ‘ਤੇ ਛੱਡ ਕੇ ਸਰਹੱਦ ਪਾਰ ਕਰ ਗਈਆਂ। ਇਸ ਜੰਗ ਦੇ ਸੰਸਾਰ ‘ਤੇ ਬਹੁਤ ਗੰਭੀਰ ਰਾਜਨੀਤਕ ਅਤੇ ਕੂਟਨੀਤਕ ਪ੍ਰਭਾਵ ਪਏ। ਸੋਵੀਅਤ ਯੂਨੀਅਨ ਟੁੱਟ ਗਿਆ, ਠੰਡੀ ਜੰਗ ਖਤਮ ਹੋ ਗਈ ਤੇ ਅਮਰੀਕਾ ਸੰਸਾਰ ਦੀ ਇੱਕੋ ਇੱਕ ਸੁਪਰ ਪਾਵਰ ਬਣ ਗਿਆ।
ਹੁਣ ਅਮਰੀਕਾ ਦੀ ਵੀ ਅਫਗਾਨ ਜੰਗ ਵਿੱਚ ਕੁਝ ਅਜਿਹੀ ਹੀ ਹਾਲਤ ਹੋਈ ਹੈ। 2001 ਵਿੱਚ ਸ਼ੁਰੂ ਹਾਈ 20 ਸਾਲਾ ਜੰਗ ਵਿੱਚ ਅਮਰੀਕਾ ਦੇ 2443 ਸੈਨਿਕ ਮਾਰੇ ਗਏ ਤੇ 20666 ਜ਼ਖਮੀ ਹੋਏ, ਪਰ ਅਮਰੀਕਾ ਨਾ ਤਾਂ ਤਾਲਿਬਾਨ ਨੂੰ ਖਤਮ ਕਰ ਸਕਿਆ ਹੈ ਤੇ ਨਾ ਹੀ ਅਲ ਕਾਇਦਾ ਨੂੰ। ਉਲਟ ਤਾਲਿਬਾਨ ਪਹਿਲਾਂ ਨਾਲੋਂ ਵੀ ਜਿਆਦਾ ਤਾਕਤਵਰ ਹੋ ਕੇ ਸਾਹਮਣੇ ਆਏ ਹਨ। ਅਫਗਾਨ ਫੌਜ ਦੇ ਤਾਸ਼ ਦੇ ਪੱਤਿਆਂ ਵਾਂਗ ਬਿਖਰ ਜਾਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਵਿੱਚੋਂ ਪਿੱਠ ਵਿਖਾ ਕੇ ਭੱਜ ਜਾਣ ਕਾਰਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਹਾਲਤ ਪਤਲੀ ਹੋ ਗਈ ਹੈ। ਅਮਰੀਕੀ ਮੀਡੀਆ ਵਿੱਚ ਹੋ ਰਹੀ ਸਖਤ ਨੁਕਤਾਚੀਨੀ ਕਾਰਨ ਉਸ ਦੀ ਲੋਕਪ੍ਰਿਯਤਾ ਦਾ ਗਰਾਫ ਬੁਰੀ ਤਰਾਂ ਥੱਲੇ ਵੱਲ ਜਾ ਰਿਹਾ ਹੈ। ਮੀਡੀਆ ਅਮਰੀਕਾ ਵੱਲੋਂ 20 ਸਾਲਾਂ ਦੌਰਾਨ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਨਾਮ ‘ਤੇ ਫੂਕੇ ਗਏ 15 ਅਰਬ ਤੋਂ ਵੱਧ ਡਾਲਰ (ਕਰੀਬ 1125 ਅਰਬ ਰੁਪਏ) ‘ਤੇ ਸਵਾਲ ਉਠਾ ਰਿਹਾ ਹੈ। ਜੰਗ ਤੋਂ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਵਿਕਾਸ ਦੇ ਨਾਮ ‘ਤੇ ਕਈ ਪ੍ਰੋਜੈਕਟ ਸ਼ੁਰੂ ਕੀਤੇ ਸਨ ਜਿਨ੍ਹਾਂ ‘ਤੇ ਖਰਚਿਆ ਕਰੋੜਾਂ ਡਾਲਰ ਮਿੱਟੀ ਹੋ ਗਿਆ ਹੈ। ਹੇਠ ਲਿਖੇ ਅਜਿਹੇ ਹੀ ਕੁਝ ਪ੍ਰੋਜੈਕਟ ਹਨ ਜਿਨ੍ਹਾਂ ‘ਤੇ ਖਰਚਿਆ ਗਿਆ ਸਾਰਾ ਪੈਸਾ ਭ੍ਰਿਸ਼ਟ ਅਮਰੀਕੀ ਅਫਸਰਾਂ, ਅਫਗਾਨ ਨੇਤਾਵਾਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਖੁਰਦ ਬੁਰਦ ਹੋ ਗਿਆ ਹੈ। ਪ੍ਰੋਜੈਕਟ ਅਜਿਹੇ ਘਟੀਆ ਤਰੀਕੇ ਨਾਲ ਤਿਆਰ ਕੀਤੇ ਗਏ ਸਨ ਕਿ ਵਰਤੋਂ ਵਿੱਚ ਹੀ ਨਹੀਂ ਲਿਆਂਦੇ ਜਾ ਸਕੇ।
ਅਫਗਾਨ ਫੌਜ – ਅਮਰੀਕਾ ਨੇ ਤਾਲਿਬਾਨ ਦਾ ਮੁਕਾਬਲਾ ਕਰਨ ਲਈ 3 ਲੱਖ ਅਫਗਾਨ ਫੌਜੀ ਤਿਆਰ ਕੀਤੇ ਸਨ ਅਤੇ ਉਨ੍ਹਾਂ ਦੀ ਟਰੇਨਿੰਗ ਅਤੇ ਹਥਿਆਰ ਆਦਿ ਮੁਹੱਈਆ ਕਰਾਉਣ ‘ਤੇ ਕਰੀਬ 100 ਕਰੋੜ ਡਾਲਰ (ਕਰੀਬ 7500 ਕਰੋੜ ਰੁਪਏ) ਖਰਚ ਕਰ ਦਿੱਤੇ ਸਨ। ਪਰ ਅਮਰੀਕਾ ਦੇ ਯੁੱਧ ਤੋਂ ਬਾਹਰ ਹੁੰਦੇ ਸਾਰ ਉਸ ਫੌਜ ਦੀ ਜੋ ਦੁਰਦਸ਼ਾ ਹੋਈ, ਉਹ ਸਭ ਦੇ ਸਾਹਮਣੇ ਹੈ। ਅੱਜ ਤੱਕ ਕਿਸੇ ਦੇਸ਼ ਦੀ ਫੌਜ ਨੇ ਇਸ ਤਰਾਂ ਆਪਣੇ ਨਾਲੋਂ ਕਿਤੇ ਘੱਟ ਗਿਣਤੀ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਸਾਹਮਣੇ ਗੋਡੇ ਨਹੀਂ ਟੇਕੇ ਹੋਣੇ।
ਹਵਾਈ ਜਹਾਜ਼ ਜੋ ਕਬਾੜ ਵਿੱਚ ਵੇਚ ਦਿੱਤੇ ਗਏ – ਅਮਰੀਕਾ ਨੇ ਅਫਗਾਨ ਹਵਾਈ ਫੌਜ ਦੀ ਮਾਰਕ ਸਮਰੱਥਾ ਵਧਾਉਣ ਖਾਤਰ 55 ਕਰੋੜ ਡਾਲਰ (4125 ਕਰੋੜ ਰੁਪਏ) ਦੇ 20 ਅਤਿ ਅਧੁਨਿਕ ਜੀ – 222 ਇਟਾਲੀਅਨ ਹਵਾਈ ਜਹਾਜ਼ ਖਰੀਦੇ ਗਏ ਸਨ। ਪਰ ਅਫਗਾਨ ਪਾਇਲਟ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਨ੍ਹਾਂ ਨੂੰ ਚੰਗੀ ਤਰਾਂ ਉਡਾਉਣ ਵਿੱਚ ਸਫਲ ਨਹੀਂ ਹੋ ਸਕੇ। ਇਸ ਲਈ ਹਾਰ ਕੇ ਇਹ ਕਾਬਲ ਹਵਾਈ ਅੱਡੇ ‘ਤੇ ਖੜ੍ਹੇ ਕਰ ਦਿੱਤੇ ਗਏ ਤੇ ਝਾੜੀਆਂ ਅਤੇ ਜਾਨਵਰਾਂ ਨੇ ਇਨ੍ਹਾਂ ਨੂੰ ਆਪਣਾ ਟਿਕਾਣਾ ਬਣਾ ਲਿਆ। ਜਦੋਂ ਇਹ ਬਿਲਕੁਲ ਕਬਾੜ ਬਣ ਗਏ ਤਾਂ 12 ਸੈਂਟ (ਕਰੀਬ 8 ਰੁਪਏ) ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਾਰੇ ਜਹਾਜ਼ 32000 ਡਾਲਰ (ਕਰੀਬ 24 ਲੱਖ ਰੁਪਏ) ਵਿੱਚ ਕਬਾੜੀਆਂ ਨੂੰ ਵੇਚ ਦਿੱਤੇ ਗਏ।
ਗਾਰਦੇਜ਼ – ਖੋਸਤ ਸੜਕ – ਅਮਰੀਕਾ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਨੇ ਅਫਗਾਨ ਲੋਕਾਂ ਨੂੰ ਸਹੂਲਤ ਦੇਣ ਦੇ ਨਾਮ ‘ਤੇ 176 ਲੱਖ ਡਾਲਰ (ਕਰੀਬ 13200 ਲੱਖ ਰੁਪਏ) ਖਰਚ ਕੇ ਗਾਰਦੇਜ਼ ਸ਼ਹਿਰ ਤੋਂ ਖੋਸਤ ਸੂਬੇ ਤੱਕ 101 ਕਿ.ਮੀ. ਲੰਬੀ ਸੜਕ ਦਾ ਨਿਰਮਾਣ ਕਰਵਾਇਆ ਸੀ। ਪਰ ਭ੍ਰਿਸ਼ਟਾਚਾਰ ਅਤੇ ਘਟੀਆ ਸਮੱਗਰੀ ਵਰਤਣ ਕਾਰਨ ਅੱਧੀ ਤੋਂ ਵੱਧ ਸੜਕ ਨਿਰਮਾਣ ਤੋਂ ਸਿਰਫ 6 ਮਹੀਨੇ ਬਾਅਦ ਹੀ ਬਰਸਾਤਾਂ ਕਾਰਨ ਰੁੜ੍ਹ ਗਈ।
ਫੌਜੀ ਵਰਦੀਆਂ – ਅਮਰੀਕਾ ਨੇ ਅਫਗਾਨ ਫੌਜ ਵਾਸਤੇ ਵਰਦੀਆਂ ਅਤੇ ਹੋਰ ਸਾਜੋ ਸਮਾਨ ਖਰੀਦਣ ਲਈ 280 ਲੱਖ ਡਾਲਰ (ਕਰੀਬ 225 ਕਰੋੜ ਰੁਪਏ) ਖਰਚ ਕੀਤੇ ਸਨ। ਪਰ ਜੰਗਲੀ ਪਿੱਠਭੂਮੀ ਵਾਸਤੇ ਮਾਫਕ ਇਹ ਹਰੀਆਂ ਵਰਦੀਆਂ ਅਫਗਾਨਿਸਤਾਨ ਦੇ ਬੰਜਰ ਭੂ ਦ੍ਰਿਸ਼ ਮੁਤਾਬਕ ਸਹੀ ਨਹੀਂ ਸਨ, ਜਿਸ ਕਾਰਨ ਸੈਨਿਕ ਦੂਰੋਂ ਹੀ ਦੁਸ਼ਮਣ ਦੀ ਨਜ਼ਰ ਚੜ੍ਹ ਜਾਂਦੇ ਸਨ। ਇਸ ਲਈ ਫੌਜੀਆਂ ਨੇ ਇਹ ਵਰਦੀਆਂ ਪਹਿਨਣ ਤੋਂ ਇਨਕਾਰ ਕਰ ਦਿੱਤਾ। ਇਹ ਵਰਦੀਆਂ ਸਿਰਫ ਇਸ ਲਈ ਖਰੀਦੀਆਂ ਗਈਆਂ ਸਨ ਕਿਉਂਕਿ ਇਨ੍ਹਾਂ ਦਾ ਡਿਜ਼ਾਈਨ ਅਫਗਾਨਿਸਤਾਨ ਦੇ ਕਿਸੇ ਮੂਰਖ ਰੱਖਿਆ ਮੰਤਰੀ ਨੂੰ ਪਸੰਦ ਸੀ ਤੇ ਇਹ ਉਸ ਦੀ ਫੈਕਟਰੀ ਤੋਂ ਸਿਲਾਈਆਂ ਗਈਆਂ ਸਨ। ਮੰਤਰੀ ਇਸ ਘਾਲੇ ਮਾਲੇ ਤੋਂ ਕਰੋੜਾਂ ਰੁਪਏ ਕਮਾ ਗਿਆ।
ਟਰੇਨਿੰਗ ਸੈਂਟਰ – ਅਮਰੀਕਾ ਨੇ 2012 ਵਿੱਚ ਅਫਗਾਨ ਫੌਜ ਦੇ ਸਪੈਸ਼ਲ ਦਸਤਿਆਂ ਨੂੰ ਫੀਲਡ ਟਰੇਨਿੰਗ ਦੇਣ ਵਾਸਤੇ ਇੱਕ ਅਫਗਾਨ ਠੇਕੇਦਾਰ ਰਾਹੀਂ 5 ਲੱਖ ਡਾਲਰ (ਕਰੀਬ 3.75 ਕਰੋੜ ਰੁਪਏ) ਖਰਚ ਕੇ ਗਜ਼ਨੀ ਸ਼ਹਿਰ ਦੇ ਨਜ਼ਦੀਕ ਇੱਕ ਅਤਿ ਅਧੁਨਿਕ ਟਰੇਨਿੰਗ ਸੈਂਟਰ ਦੀ ਉਸਾਰੀ ਕਰਵਾਈ ਸੀ। ਇਹ ਟਰੇਨਿੰਗ ਸੈਂਟਰ ਇੱਕ ਅਫਗਾਨ ਪਿੰਡ ਦੇ ਰੂਪ ਵਿੱਚ ਸੀ ਜਿਸ ਵਿੱਚ ਸੁਰੱਖਿਆ ਦਸਤਿਆਂ ਨੂੰ ਘਰ ਘਰ ਦੀ ਤਲਾਸ਼ੀ ਲੈਣ ਦੀ ਟਰੇਨਿੰਗ ਦਿੱਤੀ ਜਾਣੀ ਸੀ। ਪਰ ਨੇਤਾਵਾਂ, ਠੇਕੇਦਾਰਾਂ ਅਤੇ ਅਫਸਰਾਂ ਨੇ ਪੈਸੇ ਹਜ਼ਮ ਕਰਨ ਲਈ ਬੇਹੱਦ ਘਟੀਆ ਮੈਟੀਰੀਅਲ ਦੀ ਵਰਤੋਂ ਕੀਤੀ ਤੇ ਸਿਰਫ ਡੇਢ ਸਾਲ ਬਾਅਦ ਹੀ ਸੈਂਟਰ ਖੰਡਰ ਬਣ ਗਿਆ।
ਨਸ਼ਿਆਂ ਦੇ ਖਿਲਾਫ ਮੁਹਿੰਮ – ਅਫਗਾਨਿਸਤਾਨ ਸੰਸਾਰ ਦਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਉਤਪਾਦਕ ਦੇਸ਼ ਹੈ। ਅਮਰੀਕਾ ਨੇ ਇਸ ਦੇ ਖਾਤਮੇ ਲਈ ਕਿਸਾਨਾਂ ਨੂੰ ਅਫੀਮ ਦੀ ਖੇਤੀ ਨਾ ਕਰਨ ਬਦਲੇ ਨਕਦ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤੇ ਇਸ ਕੰਮ ਵਿੱਚ 86 ਕਰੋੜ ਡਾਲਰ (64 ਅਰਬ 50 ਕਰੋੜ ਰੁਪਏ) ਉਡਾ ਦਿੱਤੇ। ਕਿਸਾਨਾਂ ਨੇ ਪੈਸੇ ਵੀ ਲੈ ਲਏ ਤੇ ਖੇਤੀ ਵੀ ਜਾਰੀ ਰੱਖੀ। ਅਮਰੀਕਾ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ 2021 ਤੱਕ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ 50 ਗੁਣਾ ਵੱਧ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕੀ ਸਰਕਾਰ ਨੇ ਉਪਰੋਕਤ ਪ੍ਰੋਜੈਕਟਾਂ ਵਿੱਚ ਹੋਏ ਗਬਨ ਲਈ ਕਿਸੇ ਵੀ ਅਫਸਰ ਜਾਂ ਮਿਲਟਰੀ ਕਮਾਂਡਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਲੱਗਦਾ ਹੈ ਕਿ ਭ੍ਰਿਸ਼ਟ ਦੇਸ਼ਾਂ ਵਿੱਚ ਲੰਬਾ ਸਮਾਂ ਡਿਊਟੀ ਕਰਨ ਕਾਰਨ ਅਮਰੀਕੀ ਅਫਸਰ ਵੀ ਮਹਾਂ ਭਰਿਸ਼ਟ ਹੋ ਗਏ ਹਨ, ਕਿਉਂਕਿ ਲੂਣ ਦੀ ਖਾਨ ਵਿੱਚ ਸਭ ਕੁਝ ਲੂਣ ਬਣ ਜਾਂਦਾ ਹੈ।