ਨਵੀਂ ਦਿੱਲੀ – ਦਿੱਲੀ ਦੀ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੇ ਨੇਤਾਵਾਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਰਾਹੀਂ ਪਾਰਟੀ ਨੂੰ ਡਰਾਉਣ ਅਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਦੀ ਆਪਣੀ ਜਾਂਚ ਤਹਿਤ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਖਜ਼ਾਨਚੀ ਐੱਨਡੀ ਗੁਪਤਾ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਆਤਿਸ਼ੀ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਕਰਮਚਾਰੀ ਸਵੇਰੇ 7 ਵਜੇ ਤੋਂ ਬਿਭਵ ਕੁਮਾਰ ਅਤੇ ਗੁਪਤਾ ਦੇ ਘਰ ਦੀ ਤਲਾਸ਼ੀ ਲੈ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੇ ਹੋਰ ਆਗੂਆਂ ਦੇ ਟਿਕਾਣਿਆਂ ‘ਤੇ ਹੋਰ ਛਾਪੇ ਮਾਰੇ ਜਾਣਗੇ।