ਕੋਲਕਾਤਾ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਆਰ.ਜੀ. ਕਾਰ ਮੈਡੀਕਲ ਕਾਲਜ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਅਤੇ ਉਸ ਦੇ ਤਿੰਨ ਸਾਥੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੋਸ਼ ਦੇ ਬੇਲੀਆਘਾਟਾ ਸਥਿਤ ਘਰ ਅਤੇ ਹਾਵੜਾ ਅਤੇ ਸੁਭਾਸ਼ਗ੍ਰਾਮ ’ਚ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਚਾਰੋਂ ਪਹਿਲਾਂ ਹੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਹਿਰਾਸਤ ਵਿੱਚ ਹਨ।ਕੋਲਕਾਤਾ ਹਾਈ ਕੋਰਟ ਨੇ 23 ਅਗਸਤ ਨੂੰ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਤੋਂ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਇਹ ਫੈਸਲਾ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਡਾਕਟਰ ਅਖਤਰ ਅਲੀ ਦੀ ਪਟੀਸ਼ਨ ਤੋਂ ਬਾਅਦ ਆਇਆ, ਜਿਸ ਨੇ ਘੋਸ਼ ਦੇ ਪਿ੍ਰੰਸੀਪਲ ਵਜੋਂ ਕਾਰਜਕਾਲ ਦੌਰਾਨ ਵਿੱਤੀ ਦੁਰਵਿਹਾਰ ਦੇ ਦੋਸ਼ਾਂ ਦੀ ਈਡੀ ਜਾਂਚ ਦੇ ਨਿਰਦੇਸ਼ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ।ਘੋਸ਼ ਨੇ ਫਰਵਰੀ 2021 ਤੋਂ ਸਤੰਬਰ 2023 ਤੱਕ ਪਿ੍ਰੰਸੀਪਲ ਵਜੋਂ ਸੇਵਾ ਨਿਭਾ ਚੁੱਕੇ ਹਨ, ਉਸ ਨੂੰ ਅਕਤੂਬਰ 2023 ਵਿੱਚ ਆਰਜੀ ਕਾਰ ਤੋਂ ਥੋੜ੍ਹੇ ਸਮੇਂ ਲਈ ਬਦਲ ਦਿੱਤਾ ਗਿਆ ਸੀ, ਪਰ ਇੱਕ ਮਹੀਨੇ ਦੇ ਅੰਦਰ ਵਾਪਸ ਆ ਗਿਆ।ਡਾਕਟਰ ਅਲੀ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਆਰਜੀ ਕਾਰ ਹਸਪਤਾਲ ਵਿੱਚ ਭਿ੍ਰਸ਼ਟਾਚਾਰ ਨੂੰ ਡਾਕਟਰ ਦੀ ਮੌਤ ਨਾਲ ਜੋੜਿਆ ਜਾ ਸਕਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੀੜਤ ਨੂੰ ਸ਼ਾਇਦ ਦੁਰਵਿਹਾਰ ਬਾਰੇ ਪਤਾ ਸੀ ਅਤੇ ਹੋ ਸਕਦਾ ਹੈ ਕਿ ਉਸ ਨੇ ਇਸ ਦਾ ਪਰਦਾਫਾਸ਼ ਕਰਨ ਦੀ ਧਮਕੀ ਦਿੱਤੀ ਹੋਵੇ।