ਭੁਵਨੇਸ਼ਵਰ – ਪੀਐਮ ਮੋਦੀ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਸਰਕਾਰ ਸੰਕਟ ਦੀਆਂ ਸਥਿਤੀਆਂ ਵਿਚ ਪ੍ਰਵਾਸੀ ਲੋਕਾਂ ਦੀ ਮਦਦ ਕਰਨਾ ਅਪਣੀ ਜ਼ਿੰਮੇਵਾਰੀ ਸਮਝਦੀ ਹੈ। ਉੜੀਸਾ ਵਿਚ 18ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਕਈ ਦਹਾਕਿਆਂ ਤਕ ਭਾਰਤ ਦੁਨੀਆ ਦੀ ਸਭ ਤੋਂ ਵੱਧ ਨੌਜਵਾਨ ਅਤੇ ਹੁਨਰਮੰਦ ਆਬਾਦੀ ਵਾਲਾ ਦੇਸ਼ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਹੁਨਰਮੰਦ ਪ੍ਰਤਿਭਾ ਦੀ ਕੋਮਾਂਤਰੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਦੀ ਸਮਰੱਥਾ ’ਤੇ ਜ਼ੋਰ ਦਿੰਦੇ ਹੋਏ, 21ਵੀਂ ਸਦੀ ਵਿਚ ਭਾਰਤ ਦੀ ਤੇਜ਼ ਤਰੱਕੀ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਅੱਜ ਭਾਰਤ ਦੀ ਗੱਲ ਧਿਆਨ ਨਾਲ ਸੁਣਦੀ ਹੈ ਅਤੇ ਦੇਸ਼ ਆਪਣੀ ਵਿਰਾਸਤ ਕਾਰਨ ਹੀ ਕੌਮਾਂਤਰੀ ਭਾਈਚਾਰੇ ਨੂੰ ਕਹਿ ਸਕਦਾ ਹੈ ਕਿ ਭਵਿੱਖ ‘ਜੰਗ’ ਵਿੱਚ ਨਹੀਂ ਬਲਕਿ ‘ਬੁੱਧ’ ਵਿੱਚ ਹੈ। ਉੜੀਸਾ ਦੀ ਰਾਜਧਾਨੀ ’ਚ 18ਵੇਂ ਪਰਵਾਸੀ ਭਾਰਤੀ ਦਿਵਸ-2025 ਸੰਮੇਲਨ ਦਾ ਰਸਮੀ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਸਿਰਫ਼ ਲੋਕਤੰਤਰ ਦਾ ਜਨਮਦਾਤ ਹੀ ਨਹੀਂ ਬਲਕਿ ਲੋਕਤੰਤਰ ਹਰ ਭਾਰਤੀ ਦੀ ਜ਼ਿੰਦਗੀ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘21ਵੀਂ ਸਦੀ ਦਾ ਭਾਰਤ ਅੱਜ ਜਿਸ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਿਸ ਪੱਧਰ ’ਤੇ ਅੱਜ ਭਾਰਤ ’ਚ ਵਿਕਾਸ ਦੇ ਕੰਮ ਹੋ ਰਹੇ ਹਨ, ਉੁਹ ਮਿਸਾਲ ਹਨ। ਭਾਰਤ ਦੀ ਗੱਲ ਅੱਜ ਦੁਨੀਆ ਧਿਆਨ ਨਾਲ ਸੁਣਦੀ ਹੈ। ਅੱਜ ਦਾ ਭਾਰਤ ਆਪਣਾ ਪੱਖ ਮਜ਼ਬੂਤੀ ਨਾਲ ਰੱਖਦਾ ਹੈ ਤੇ ਗਲੋਬਲ ਸਾਊਥ ਦੀ ਆਵਾਜ਼ ਵੀ ਪੂਰੋ ਜ਼ੋਰ-ਸ਼ੋਰ ਨਾਲ ਉਠਾਉਂਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਤਾਂ ਸਾਰੇ ਮੈਂਬਰਾਂ ਨੇ ਇਸ ਦੀ ਹਮਾਇਤ ਕੀਤੀ। ਉਨ੍ਹਾਂ ਭਾਰਤ ’ਚ ਜੀ-20 ਸੰਮੇਲਨ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਨੂੰ ਦੇਸ਼ ਦੀ ਵੰਨ-ਸੁਵੰਨਤਾ ਦਾ ਪ੍ਰਤੱਖ ਤਜਰਬਾ ਕਰਾਉਣ ਲਈ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਇਸ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ‘ਵਿਸ਼ਵ ਮਿੱਤਰ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ।