International

ਉੱਤਰੀ ਕੋਰੀਆ ਨੇ ਸਮੁੰਦਰ ’ਚ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਤਜਰਬਾ

ਸਿਓਲ – ਉੱਤਰੀ ਕੋਰੀਆ ਨੇ ਬੁੱਧਵਾਰ ਸਵੇਰੇ ਆਪਣੇ ਪੂਰਬੀ ਸਮੁੰਦਰੀ ਖੇਤਰ ’ਚ ਇਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਤਜਰਬਾ ਕੀਤਾ। ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਪਿਛਲੇ ਹਫ਼ਤੇ ਹੀ ਸੱਤਾਧਾਰੀ ਪਾਰਟੀ ਦੇ ਸੰਮੇਲਨ ’ਚ ਫ਼ੌਜੀ ਸਮਰੱਥਾ ਨੂੰ ਹੋਰ ਵਧਾਉਣ ਦਾ ਸੰਕਲਪ ਲਿਆ ਸੀ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਤੰਬਰ ਤੇ ਨਵੰਬਰ ਵਿਚਾਲੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੱਖਣੀ ਕੋਰੀਆ ਤੇ ਜਾਪਾਨ ਨੂੰ ਨਿਸ਼ਾਨਾ ਬਣਾਉਣ ’ਚ ਸਮਰੱਥ ਪਰਮਾਣੂ ਮਿਜ਼ਾਈਲਾਂ ਸਮੇਤ ਨਵੇਂ ਹਥਿਆਰਾਂ ਦਾ ਤਜਰਬਾ ਕੀਤਾ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਦੇਸ਼ ਤੇ ਅਮਰੀਕਾ ਦੇ ਖ਼ੁਫ਼ੀਆ ਅਧਿਕਾਰੀ ਤਜਰਬੇ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਅਸਲ ’ਚ ਅਫਸੋਸ ਵਾਲਾ ਹੈ ਕਿ ਉੱਤਰੀ ਕੋਰੀਆ ਨੇ ਪਿਛਲੇ ਸਾਲ ਤੋਂ ਮਿਜ਼ਾਈਲਾਂ ਦਾ ਤਜਰਬਾ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਮਿਜ਼ਾਈਲ ਕਿੱਥੇ ਡਿੱਗੀ ਤੇ ਕੋਈ ਨੁਕਸਾਨ ਹੋਇਆ ਜਾਂ ਨਹੀਂ ਆਦਿ ਵੇਰਵੇ ਫਿਲਹਾਲ ਮੁਹੱਈਆ ਨਹੀਂ ਹਨ। ਅਧਿਕਾਰੀਆਂ ਨੇ ਉਸ ਖੇਤਰ ’ਚ ਜਹਾਜ਼ਾਂ ਤੇ ਬੇੜਿਆਂ ਦੀ ਸੁਰੱਖਿਆ ਨੂੰ ਪੱਕਾ ਕਰਨ ਦਾ ਆਦੇਸ਼ ਦਿੱਤਾ ਹੈ ਜਿੱਥੇ ਸ਼ੱਕੀ ਮਿਜ਼ਾਈਲ ਡਿੱਗਣ ਦਾ ਖ਼ਦਸ਼ਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਆਪਣੇ ਵਿਰੋਧੀਆਂ ’ਤੇ ਉਸ ਨੂੰ ਪਰਮਾਣੂ ਸ਼ਕਤੀ ਸੰਪੰਨ ਦੇਸ਼ ਦੇ ਰੂਪ ’ਚ ਸਵੀਕਾਰ ਕਰਨ ਤੇ ਆਰਥਿਕ ਪਾਬੰਦੀਆਂ ਤੋਂ ਰਾਹਤ ਪਾਉਣ ਲਈ ਦਬਾਅ ਬਣਾਉਣ ਦੇ ਉਦੇਸ਼ ਨਾਲ ਇਸ ਤਰ੍ਹਾਂ ਦੇ ਤਜਰਬੇ ਕਰਦਾ ਰਿਹਾ ਹੈ। ਰਾਇਟਰ ਮੁਤਾਬਕ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਸ਼ੱਕੀ ਮਿਜ਼ਾਈਲ ਤਜਰਬੇ ਦੇ ਕੁਝ ਹੀ ਦੇਰ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਸਰਹੱਦੀ ਸ਼ਹਿਰ ਗੋਸੇਓਂਗ ’ਚ ਨਵੀਂ ਰੇਲ ਲਾਈਨ ਲਈ ਭੂਮੀ ਪੂਜਨ ਕੀਤਾ ਤੇ ਇਸ ਨੂੰ ਇਲਾਕੇ ਦੀ ਸ਼ਾਂਤੀ ਤੇ ਸੰਤੁਲਨ ਦਾ ਨੀਂਹ ਪੱਥਰ ਕਰਾਰ ਦਿੱਤਾ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਮਿਜ਼ਾਈਲ ਤਜਰਬਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ 2018 ’ਚ ਹੋਈ ਬੈਠਕ ਦੌਰਾਨ ਆਪਸੀ ਸੰਪਰਕ ਵਧਾਉਣ ਦੇ ਉਦੇਸ਼ ਨਾਲ ਰੇਲ ਲਾਈਨ ਵਿਛਾਉਣ ’ਤੇ ਸਹਿਮਤੀ ਬਣੀ ਸੀ ਪਰ ਗੱਲ ਅੱਗੇ ਨਹੀਂ ਵੱਧ ਸਕੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin