ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ ‘ਉੱਦਮਤਾ ਅਤੇ ਸਟਾਰਟਅੱਪ ਸਬੰਧੀ ਇਕ ਇੰਟਰਐਕਟਿਵ ਗੱਲਬਾਤ: ਨਵੀਨਤਾ ਅਤੇ ਵਿਕਾਸ ਨੂੰ ਅਗਾਂਹ ਵਧਾਉਣਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਨੀਦਰਲੈਂਡ ਪੀ. ਯੂ. ਐੱਮ. ਤੋਂ ਸੀਨੀਅਰ ਮਾਹਿਰ ਸ੍ਰੀ ਮਿਕ ਵਾਲਵਿਚ ਨੇ ਮੁੱਖ ਮਹਿਮਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਇਲੈਕਟਰਾਨਿਕਸ ਤਕਨਾਲੋਜੀ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਸ: ਰਾਜਦੀਪ ਸਿੰਘ ਸੋਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ ਡਾ. ਰੰਧਾਵਾ ਨੇ ਸ੍ਰੀ ਵਾਲਵਿਚ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਉੱਭਰ ਰਹੇ ਉੱਦਮੀਆਂ ਨੂੰ ਸਫਲਤਾ ਸਬੰਧੀ ਲੋੜੀਂਦੇ ਹੁਨਰਾਂ ਅਤੇ ਗਿਆਨ ਨਾਲ ਲੈਸ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਵੇ। ਉਨ੍ਹਾਂ ਕਿਹਾ ਕਿ ਤਜਰਬੇਕਾਰ ਬੁਲਾਰਿਆਂ ਵੱਲੋਂ ਦਿਲਚਸਪ ਸੈਸ਼ਨਾਂ ਰਾਹੀਂ ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਉਨ੍ਹਾਂ ਦੀ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਮੌਕੇ ਡਾ. ਸਵਰਾਜ ਕੌਰ ਨੇ ਸ੍ਰੀ ਵਾਲਵਿਚ ਅਤੇ ਪ੍ਰੋ. ਸੋਹਲ ਦਾ ਸਵਾਗਤ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਨਤ ਉੱਦਮੀ ਗਿਆਨ ਅਤੇ ਹੁਨਰਾਂ ਨਾਲ ਸਸ਼ਕਤ ਬਣਾਉਣਾ ਹੈ ਜੋ ਨਵੇਂ ਪੇਸ਼ ਕੀਤੇ ਗਏ ਵਿਹਾਰਕ ਵਿਸ਼ੇ ‘ਉੱਦਮਤਾ ਮਾਨਸਿਕਤਾ ਪ੍ਰੋਗਰਾਮ’ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਹਨ।
ਇਸ ਮੌਕੇ ਡਾ. ਦੇਵਗਨ ਨੇ ਸਮਾਗਮ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਉਦੇਸ਼ ਅੱਜ ਦੇ ਤੇਜ਼ ਰਫ਼ਤਾਰ ਸੰਸਾਰ ’ਚ ਵਿਦਿਆਰਥੀਆਂ ’ਚ ਉੱਦਮਤਾ ਹੁਨਰਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੰਭਾਵੀ ਵਿਦਿਆਰਥੀਆਂ ਅਤੇ ਉੱਦਮੀਆਂ ਦੀ ਪਛਾਣ ਅਤੇ ਪ੍ਰੇਰਿਤ ਕਰਨ ਸਬੰਧੀ ਉਲੀਕਿਆ ਗਿਆ ਸੀ, ਜਿਸ ਰਾਹੀਂ ਉਨ੍ਹਾਂ ਨੂੰ ਵੱਖ-ਵੱਖ ਉੱਦਮੀ ਪਹਿਲੂਆਂ, ਸਰਕਾਰੀ ਨੀਤੀਆਂ, ਫੰਡਿੰਗ ਦੇ ਮੌਕਿਆਂ ਅਤੇ ਬੇਰੁਜ਼ਗਾਰੀ ਨੂੰ ਘਟਾਉਣ ਲਈ ਹੁਨਰ ਵਿਕਾਸ ਬਾਰੇ ਗਿਆਨ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਕਾਰੋਬਾਰ ਸਥਾਪਿਤ ਕਰਨ ਅਤੇ ਪ੍ਰਬੰਧਨ ਕਰਨ ਲਈ ਪਾਲਣ-ਪੋਸ਼ਣ ਅਤੇ ਸਿੱਖਿਆ ਦੇਣ ਦਾ ਮਕਸਦ ਹੈ।
ਇਸ ਮੌਕੇ ਸ੍ਰੀ ਮਿੱਕ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨਾਲ ਉੱਦਮਤਾ ਅਤੇ ਸਟਾਰਟਅੱਪਸ ਸਬੰਧੀ ਇਕ ਇੰਟਰਐਕਟਿਵ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕੀਤਾ ਕਿ ਉਹ ਆਮ ਗਲਤੀਆਂ ਨੂੰ ਰੋਕ ਕੇ ਅਤੇ ਸਹੀ ਰਣਨੀਤੀ ਨੂੰ ਜਲਦੀ ਲਾਗੂ ਕਰਕੇ ਆਪਣੇ ਸਟਾਰਟਅੱਪਸ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹਨ, ਸਬੰਧੀ ਵਿਸਥਾਰਪੂਰਵਪਕ ਆਪਣੇ ਤਜ਼ਰਬਿਆਂ ਰਾਹੀਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਰੋਬਾਰ ’ਚ ਅਗਾਂਹਵਧੂ ਸੋਚ ਅਤੇ ਨਵੀਨਤਾਕਾਰੀ ਪਹੁੰਚਾਂ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ’ਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ।
ਇਸ ਸਮਾਗਮ ਸਬੰਧੀ ਡਾ. ਮਨੀਸ਼ਾ ਬਹਿਲ, ਪ੍ਰੋ. ਮੀਨੂ ਚੋਪੜਾ ਅਤੇ ਡਾ. ਹਰਪ੍ਰੀਤ ਕੌਰ ਨੇ ਆਪਣੇ ਜ਼ਿੰਮੇਵਾਰੀ ਬਾਖੂਬੀ ਨਿਭਾਇਆ। ਇਸ ਦੌਰਾਨ ਕਾਮਰਸ ਐਂਡ ਇਕਨਾਮਿਕਸ ਡੀਨ ਡਾ. ਏ. ਕੇ. ਕਾਹਲੋਂ ਤੋਂ ਇਲਾਵਾ ਡਾ. ਪੂਨਮ ਸ਼ਰਮਾ, ਡਾ. ਏ. ਐਸ. ਭੱਲਾ, ਡਾ. ਮਨਦੀਪ ਕੌਰ, ਡਾ. ਸਾਮੀਆ, ਪ੍ਰੋ. ਸ਼ਿਵਾਲੀ ਸ਼ਰਮਾ, ਪ੍ਰੋ. ਸੁਖਜਿੰਦਰ ਕੌਰ, ਡਾ. ਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪੂਨਮ, ਪ੍ਰੋ. ਦੀਆ ਮਹਾਜਨ, ਪ੍ਰੋ. ਅੰਮ੍ਰਿਤਬੀਰ ਕੌਰ, ਪ੍ਰੋ. ਰਸ਼ਨੀਤ ਕੌਰ ਤੋਂ ਇਲਾਵਾ ਹੋਰ ਫੈਕਲਟੀ ਮੈਂਬਰ ਮੌਜੂਦ ਸਨ।