Punjab

ਏਅਰ ਫੋਰਸ ਸਟੇਸ਼ਨ ਦੇ ਸਹਿਯੋਗ ਨਾਲ ਕਰੀਅਰ ਪ੍ਰਚਾਰ ਸਮਾਗਮ ਕਰਵਾਇਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਏਅਰ ਫੋਰਸ ਦੀ ਟੀਮ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਐੱਨ. ਸੀ. ਸੀ. ਏਅਰ ਵਿੰਗ ਵੱਲੋਂ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ ਦੇ ਸਹਿਯੋਗ ਨਾਲ ਭਾਰਤੀ ਹਵਾਈ ਸੈਨਾ ਦੇ ਦਿਸ਼ਾ ਉਪਰਾਲੇ ਤਹਿਤ ਕਰੀਅਰ ਪ੍ਰਚਾਰ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਉਕਤ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਹਵਾਈ ਸੈਨਾ ’ਚ ਕਰੀਅਰ ਦੇ ਮੌਕਿਆਂ ਬਾਰੇ ਪ੍ਰੇਰਿਤ ਕਰਨਾ ਸੀ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਵਿੰਗ ਕਮਾਂਡਰ ਦੱਖਿਣਾ ਦਸਮਾਨਾ (ਮਨੋਵਿਗਿਆਨੀ, ਏ.ਐਫ.ਐਸ.ਬੀ.), ਸਕੁਆਡਰਨ ਲੀਡਰ ਕਾਦਿਆਨ (ਇੰਜੀਨੀਅਰਿੰਗ ਅਫਸਰ), ਫਲਾਈਟ ਲਿਫ਼ਟੈਨੈਂਟ ਗੁਰਸ਼ਰਨ (ਟਰਾਂਸਪੋਰਟ ਪਾਇਲਟ) ਅਤੇ ਸਕੁਆਡਰਨ ਲੀਡਰ ਸਮੀਨ ਆਲਮ (ਨੋਡਲ ਅਫਸਰ) ਨੇ ਭਾਰਤੀ ਹਵਾਈ ਸੈਨਾ ’ਚ ਕਰੀਅਰ ਦੇ ਮੌਕੇ ਵਿਸ਼ੇ ’ਤੇ ਇੰਟਰਐਕਟਿਵ ਲੈਕਚਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਹਵਾਈ ਸੈਨਾ ਦੀਆਂ ਵੱਖ-ਵੱਖ ਸ਼ਾਖਾਵਾਂ, ਐਨ. ਡੀ. ਏ. ਅਤੇ ਏ. ਐਫ. ਸੀ. ਏ. ਟੀ. ਵਰਗੇ ਦਾਖਲਾ ਪ੍ਰੀਕ੍ਰਿਆਵਾਂ ਅਤੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਆਏ ਹੋਏ ਸਮੂਹ ਹਵਾਈ ਸੈਨਾ ਦੇ ਅਧਿਕਾਰੀਆਂ ਦਾ ਸਨਮਾਨ ਕੀਤਾ।

ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਡਾ. ਕਿਰਨਦੀਪ ਕੌਰ, ਸੀ.ਟੀ.ਓ., ਐਨ.ਸੀ.ਸੀ. ਏਅਰ ਵਿੰਗ ਵੱਲੋਂ ਸਵਾਗਤੀ ਭਾਸ਼ਣ ਨਾਲ ਹੋਈ। ਸਮਾਗਮ ਦੀ ਖ਼ਾਸ ਆਕਰਸ਼ਣ ਇੰਡਕਸ਼ਨ ਪਬਲਿਸਿਟੀ ਏਗਜ਼ੀਬੀਸ਼ਨ ਵਾਹਨ (ਆਈ.ਪੀ.ਈ.ਵੀ.) ਰਿਹਾ ਜੋ ਕਾਲਜ ਲਾਇਬ੍ਰੇਰੀ ਦੇ ਸਾਹਮਣੇ ਸਥਾਪਿਤ ਕੀਤਾ ਗਿਆ। ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ 15 ਹਵਾਈ ਸੈਨਾ ਦੇ ਕਰਮਚਾਰੀਆਂ ਵੱਲੋਂ ਚਲਾਇਆ ਗਿਆ ਇਹ ਪ੍ਰਦਰਸ਼ਨ ਵਿਦਿਆਰਥੀਆਂ ਲਈ ਵਿਲੱਖਣ ਅਨੁਭਵ ਬਣਿਆ। ਉਨ੍ਹਾਂ ਕਿਹਾ ਕਿ ਸਮਾਗਮ ’ਚ ਵਿਦਿਆਰਥੀਆਂ ਨੇ ਫਲਾਈਟ ਸਿਮੂਲੇਟਰ, ਵੀ. ਆਰ. ਸੈੱਟ, ਜਹਾਜ਼ਾਂ ਦੇ ਮਾਡਲ ਅਤੇ ਆਧੁਨਿਕ ਉਪਕਰਣਾਂ ਨਾਲ ਜਾਣ-ਪਛਾਣ ਕੀਤੀ।

ਇਸ ਮੌਕੇ ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਮੰਚ ਦੀਆਂ ਤਿਆਰੀਆਂ, ਮਹਿਮਾਨਾਂ ਦਾ ਸਵਾਗਤ, ਪ੍ਰਦਰਸ਼ਨੀ ’ਚ ਆਏ ਵਿਦਿਆਰਥੀਆਂ ਨੂੰ ਰਹਿਨੁਮਾ ਕਰਨ ਅਤੇ ਕੈਂਪਸ ’ਚ ਅਨੁਸ਼ਾਸਨ ਬਣਾਈ ਰੱਖਣ ’ਚ ਅਹਿਮ ਯੋਗਦਾਨ ਪਾਇਆ।

ਸਮਾਗਮ ਦੇ ਅੰਤ ’ਚ ਡਾ. ਕਿਰਨਦੀਪ ਕੌਰ ਨੇ ਏਅਰ ਫੋਰਸ ਟੀਮ, ਕਾਲਜ ਪ੍ਰਬੰਧਕੀ, ਕੈਡਿਟਾਂ ਅਤੇ ਆਯੋਜਕ ਕਮੇਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਨਵੀਆਂ ਰਾਹਾਂ ਖੋਲ੍ਹਦੇ ਹਨ। ਇਸ ਮੌਕੇ ਏਅਰ ਫੋਰਸ ਟੀਮ ਵੱਲੋਂ ਪ੍ਰਿੰ: ਡਾ. ਰੰਧਾਵਾ ਨੂੰ ਯਾਦਗਾਰੀ ਮੋਮੈਂਟੋ ਭੇਂਟ ਕੀਤਾ ਗਿਆ। ਇਸ ਦੌਰਾਨ ਹਵਾਈ ਸੈਨਾ ਹੈੱਡਕੁਆਰਟਰ ਅਤੇ ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀ ਵੀ ਮੌਜੂਦ ਰਹੇ।

Related posts

ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਿਕਸਤ ਕਰਨ ਲਈ ਸਰਕਾਰ ਵਚਨਬੱਧ : ਮੁੱਖ-ਮੰਤਰੀ

admin

“ਯੁੱਧ ਨਸ਼ਿਆਂ ਵਿਰੁੱਧ” ਦੇ 218ਵੇਂ ਦਿਨ 82 ਨਸ਼ਾ ਤਸਕਰ ਗ੍ਰਿਫ਼ਤਾਰ !

admin

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਅੱਜ ਤੋਂ ਸ਼ੁਰੂ ਹੋਣਗੇ !

admin