ਨਵੀਂ ਦਿੱਲੀ – ਮਹਾਰਾਸ਼ਟਰ ਦੀ ਸਿਆਸਤ ‘ਚ ਇਸ ਵੇਲੇ ਹਲਚਲ ਮਚੀ ਹੋਈ ਹੈ। ਇਸ ਵਿਚ ਸ਼ਿਵਸੈਨਾ ਤੇ ਊਧਵ ਠਾਕਰੇ ਸਰਕਾਰ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਵਧਾਉਣ ‘ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ‘ਏਕਨਾਥ ਸ਼ਿੰਦੇ’। ‘ਮਾਤੋ ਸ਼੍ਰੀ’ ਯਾਨੀ ਮੁੱਖ ਮੰਤਰੀ ਊਧਵ ਠਾਕਰੇ ਦੇ ਕਰੀਬੀ ਮੰਨੇ ਜਾਣ ਵਾਲੇ ਏਕਨਾਥ ਸ਼ਿੰਦੇ (Eknath Shinde) 1980 ਦੇ ਦਹਾਕੇ ‘ਚ ਸ਼ਿਵਸੈਨਾ ‘ਚ ਸ਼ਾਮਲ ਹੋਏ ਸਨ। ਹੁਣ ਉਨ੍ਹਾਂ ਦੇ ਹੀ ਕਾਰਨ ਮਹਾਰਾਸ਼ਟਰ ਦੀ ਸੱਤਾ ਧਿਰ ਸਰਕਾਰ ਮੁਸੀਬਤ ‘ਚ ਹੈ। ਏਕਨਾਥ ਸ਼ਿੰਦੇ ਨੇ ਐਨ ਵਕਤ ‘ਤੇ ਊਧਵ ਠਾਕਰੇ ਨੂੰ ਝਟਕਾ ਦੇ ਦਿੱਤਾ ਹੈ। ਕੱਲ੍ਹ ਰਾਤ ਤੋਂ ਹੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਉਹ 17 ਵਿਧਾਇਕਾਂ ਦੇ ਨਾਲ ਗੁਜਰਾਤ ‘ਚ ਹਨ।
ਉਂਝ ਤਾਂ ਸ਼ਿਵਸੈਨਾ ‘ਚ ਦਰਾਰ ਦੀਆਂ ਖ਼ਬਰਾਂ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ਨੇੜੇ ਆਉਣ ਤੋਂ ਬਾਅਦ ਤੋਂ ਆ ਰਹੀਆਂ ਹਨ। ਦਰਅਸਲ ਭਾਜਪਾ ਨੇ ਵਿਧਾਨ ਪ੍ਰੀਸ਼ਦ ਚੋਣਾਂ ‘ਚ ਸੱਤਾ ਧਿਰ ਸ਼ਿਵਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ 5ਵੀਂ ਸੀਟ ‘ਤੇ ਜਿੱਤ ਦਰਜ ਕਰ ਲਈ ਸੀ। ਦੱਸ ਦੇਈਏ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੀ ਸਿਆਸਤ ‘ਚ ਜਾਰੀ ਪਾਟੋਧਾੜ ਨੂੰ ਦੇਖਦੇ ਹੋਏ ਅੱਜ 12 ਵਜੇ ਵਿਧਾਇਕਾਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਏਕਨਾਥ ਸ਼ਿੰਦੇ ਨਾਲ ਸੰਪਰਕ ਨਾ ਹੋ ਸਕਣ ਕਾਰਨ ਇਹ ਬੈਠਕ ਬੁਲਾਈ ਗਈ ਹੈ।
