Punjab

ਏਕਮ ਕੌਰ ਨੇ ਰਾਸ਼ਟਰੀ ਏਕਤਾ ਕੈਂਪ ’ਚ ਸੋਨ ਤਗਮਾ ਜਿੱਤਿਆ !

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਜੇਤੂ ਵਿਦਿਆਰਥਣ ਏਕਮ ਕੌਰ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਐਨ. ਐਸ. ਐਸ. ਦੀ ਵਲੰਟੀਅਰ ਏਕਮ ਕੌਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਨੁਮਾਇੰਦਗੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਆਯੋਜਿਤ ਰਾਸ਼ਟਰੀ ਏਕਤਾ ਕੈਂਪ ਦੌਰਾਨ ਕਰਵਾਏ ਗਏ ਡੀਬੇਟ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਬੇਟ ਦਾ ਵਿਸ਼ਾ ‘ਕੀ ਸੋਸ਼ਲ ਮੀਡੀਆ ਰਾਸ਼ਟਰੀ ਏਕਤਾ ਲਈ ਸਕਾਰਾਤਮਕ ਸ਼ਕਤੀ ਹੋ ਸਕਦਾ ਹੈ’ ਸੀ। ਉਨ੍ਹਾਂ ਕਿਹਾ ਕਿ ‘ਹਫ਼ਤੇ ਭਰ ਚਲੇ ਉਕਤ ਕੈਂਪ ਦੌਰਾਨ ਵਿਦਿਆਰਥੀ ਏਕਮ ਕੌਰ ਅਤੇ ਜਿਤੀਸ਼ ਪਾਹਵਾ ਨੇ ਸੱਭਿਆਚਾਰਕ ਪ੍ਰਦਰਸ਼ਨ, ਮਾਹਿਰ ਭਾਸ਼ਣ, ਭਾਈਚਾਰਕ ਸੇਵਾ, ਇੰਟਰਐਕਟਿਵ ਵਿਚਾਰ-ਵਟਾਂਦਰੇ ਅਤੇ ਡੀਬੇਟ ਤੋਂ ਇਲਾਵਾ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ’ਚ ਹਿੱਸਾ ਲੈਣ ਨਾਲ ਆਤਮਵਿਸ਼ਵਾਸ ਵੱਧਦਾ ਹੈ ਅਤੇ ਜੀਵਨ ਭਰ ਲਈ ਪ੍ਰੇਰਣਾਦਾਇਕ ਹੁੰਦਾ ਹੈ।

ਇਸ ਦੌਰਾਨ ਕਾਲਜ ਦੇ ਐਨ. ਐਸ. ਐਸ. ਅਫਸਰ ਡਾ. ਮਨਰਾਜਦੀਪ ਸਿੰਘ ਨੇ ਕਿਹਾ ਕਿ ਰਾਸ਼ਟਰੀ ਏਕਤਾ ਕੈਂਪ ਦਾ ਵਿਸ਼ਾ ‘ਮੇਰਾ ਭਾਰਤ-ਸਸ਼ਕਤ ਭਾਰਤ-ਵਿਕਸਿਤ ਭਾਰਤ02047’ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਅਧੀਨ ਖੇਤਰੀ ਡਾਇਰੈਕਟੋਰੇਟ ਆਫ਼ ਐਨ. ਐਸ. ਐਸ., ਚੰਡੀਗੜ੍ਹ ਵੱਲੋਂ ਆਯੋਜਿਤ ਬਹਿਸ (ਡੀਬੇਟ) ’ਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਉਤਰਾਖੰਡ, ਉੱਤਰ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਸਮੇਤ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਰੀਬ 200 ਭਾਗੀਦਾਰਾਂ ਨੇ ਹਿੱਸਾ ਲਿਆ। ਜਿਸ ’ਚ ਐਨ. ਐਸ. ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਵੀ ਹਿੱਸਾ ਸਨ।

ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਮੁੱਖ ਮਹਿਮਾਨ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ. ਪੀ. ਐਸ., ਏ. ਡੀ. ਜੀ. ਪੀ., ਪੰਜਾਬ ਸਰਕਾਰ ਵੱਲੋਂ ਏਕਮ ਕੌਰ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਸਮਾਪਤੀ ਸਮਾਗਮ ਦੌਰਾਨ ਡਾ. ਪ੍ਰਕਾਸ਼ ਸਿੰਘ ਬਰਾੜ, ਡੀ. ਐਸ. ਡਬਲਯੂ.-ਕਮ-ਈ. ਓ., ਗਡਵਾਸੂ ਨੇ ਜੇਤੂ ਨੂੰ ਵਧਾਈ ਦਿੱਤੀ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin