ਇਸ ਸਬੰਧੀ ਅੱਜ ਫ਼ੈਡਰੇਸ਼ਨ ਦੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਹੋਈ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਜੁਲਾਈ-2025 ਤੋਂ ਬਾਅਦ ਸੂਬਾ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ, ਜਿਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਨਾਲ ਸਬੰਧਿਤ ਕਾਲਜ਼ਿਜ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 12 ਦਸੰਬਰ ਨੂੰ ਦਿੜਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਖੇ ਟੀਚਰ ਯੂਨੀਅਨ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਦੀ ਹਮਾਇਤ ਦਾ ਫ਼ੈਸਲਾ ਸਾਂਝੇ ਤੌਰ ’ਤੇ ਫੈਡਰੇਸ਼ਨ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ, ਜਿਸ ਸਬੰਧੀ ਉਕਤ ਦਿਨ ਪੀ. ਸੀ. ਸੀ. ਟੀ. ਵੱਲੋਂ ਸੂਬੇ ਭਰ ਦੇ ਸਮੂਹ 136 ਏਡਿਡ ਕਾਲਜਾਂ ਨੂੰ ਬੰਦ ਰੱਖਣ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਨੇ ਉਕਤ ਯੂਨੀਵਰਸਿਟੀਆਂ ਦੇ ਤਿੰਨੋ ਵਾਇਸ ਚਾਂਸਲਰਸ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਇਸ ਦਿਨ ਕੋਈ ਪ੍ਰੀਖਿਆਵਾਂ ਰੱਖੀਆਂ ਗਈਆਂ ਹਨ, ਤਾਂ ਉਨ੍ਹਾਂ ਨੂੰ ਮੁਲਤਵੀਂ ਕਰ ਦਿੱਤਾ ਜਾਵੇ।
ਮੀਟਿੰਗ ਦੌਰਾਨ ਏਡਿਡ ਕਾਲਜਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ’ਤੇ ਵਿਚਾਰਾਂ ਸਾਂਝੀਆਂ ਕਰਦਿਆਂ ਅਹੁੱਦੇਦਾਰਾਂ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਉਚੇਰੀ ਸਿੱਖਿਆ ਵਿਭਾਗ ਅਤੇ ਹੋਰ ਸਬੰਧਿਤ ਮਹਿਕਮਿਆਂ ਵੱਲੋਂ ਕਾਲਜਾਂ ਦੇ ਅਹਿਮ ਮੁੱਦਿਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਜਿਸ ਦਾ ਕਾਰਨ ਹੈ ਕਿ ਅੱਜ ਸਮੂੰਹ ਕਾਲਜ਼ਿਜ਼ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਗ੍ਰਾਂਟਾਂ ਮਹੀਨਿ੍ਹਆਂਬੱਧੀ ਜਾਰੀ ਨਹੀਂ ਹੋ ਰਹੀਆਂ।
ਇਸ ਮੌਕੇ ਜਨਰਲ ਸਕੱਤਰ ਸ੍ਰੀ ਐੱਸ. ਐੱਮ. ਸ਼ਰਮਾ, ਸਲਾਹਕਾਰ ਸ੍ਰੀ ਰਵਿੰਦਰ ਜੋਸ਼ੀ, ਐਗਜੀਕਿਊਟਿਵ ਮੈਂਬਰ ਸ: ਗੁਰਵਿੰਦਰ ਸਿੰਘ ਸਰਨਾ, ਸ: ਪਵਿੱਤਰਪਾਲ ਸਿੰਘ ਪੰਗਲੀ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ ਤੋਂ ਇਲਾਵਾ ਡਾ. ਮਹਿਲ ਸਿੰਘ, ਡਾ. ਖੁਸ਼ਵਿੰਦਰ ਕੁਮਾਰ, ਸ੍ਰੀ ਪ੍ਰਦੀਪ ਮਹਿਰਾ, ਅੰਡਰ ਸੈਕਟਰੀ ਡੀ. ਐੱਸ. ਰਟੌਲ ਆਦਿ ਹਾਜ਼ਰ ਸਨ।
