ਢਾਕਾ – ਉੱਪ ਕਪਤਾਨ ਹਰਮਨਪ੍ਰਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਓਲੰਪਿਕ ਕਾਂਸੇ ਦਾ ਮੈਡਲ ਜੇਤੂ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਧੁਰ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਮਰਦ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਆਪਣੀ ਥਾਂ ਲਗਭਗ ਪੱਕੀ ਕਰ ਲਈ। ਹਰਮਨਪ੍ਰਰੀਤ ਨੇ ਅੱਠਵੇਂ ਤੇ 53ਵੇਂ ਮਿੰਟ ਵਿਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਿਆ ਜਦਕਿ ਟੋਕੀਓ ਓਲੰਪਿਕ ਦੀ ਟੀਮ ਵਿਚ ਥਾਂ ਨਾ ਬਣਾ ਸਕਣ ਵਾਲੇ ਆਕਾਸ਼ਦੀਪ ਨੇ 42ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਜੋ ਉਨ੍ਹਾਂ ਦਾ ਟੂਰਨਾਮੈਂਟ ਵਿਚ ਦੂਜਾ ਗੋਲ ਹੈ। ਪਾਕਿਸਤਾਨ ਵੱਲੋਂ ਇੱਕੋ ਇਕ ਗੋਲ ਜੁਨੈਦ ਮਨਜ਼ੂਰ ਨੇ 45ਵੇਂ ਮਿੰਟ ਵਿਚ ਕੀਤਾ। ਭਾਰਤ ਦੀ ਇਹ ਟੂਰਨਾਮੈਂਟ ‘ਚ ਦੂਜੀ ਜਿੱਤ ਹੈ।ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 9-0 ਨਾਲ ਕਰਾਰੀ ਮਾਤ ਦਿੱਤੀ ਸੀ। ਪਾਕਿਸਤਾਨ ਨੂੰ ਹੁਣ ਵੀ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ। ਉਸ ਨੇ ਜਾਪਾਨ ਖ਼ਿਲਾਫ਼ ਆਪਣਾ ਪਹਿਲਾ ਮੈਚ ਗੋਲਰਹਿਤ ਡਰਾਅ ਖੇਡਿਆ ਸੀ। ਭਾਰਤ ਨੇ ਆਪਣਾ ਪਹਿਲਾ ਮੈਚ ਕੋਰੀਆ ਖ਼ਿਲਾਫ਼ 2-2 ਨਾਲ ਡਰਾਅ ਖੇਡ ਕੇ ਅੰਕ ਵੰਡੇ ਸਨ। ਭਾਰਤ ਅਜੇ ਤਿੰਨ ਮੈਚਾਂ ਵਿਚ ਸੱਤ ਅੰਕ ਲੈ ਕੇ ਅੰਕ ਸੂਚੀ ਵਿਚ ਸਿਖਰ ‘ਤੇ ਹੈ ਤੇ ਉਹ ਪੰਜ ਦੇਸ਼ਾਂ ਵਿਚਾਲੇ ਰਾਊਂਡ ਰਾਬਿਨ ਆਧਾਰ ‘ਤੇ ਖੇਡੇ ਜਾ ਰਹੇ ਟੂਰਨਾਮੈਂਟ ਵਿਚ ਐਤਵਾਰ ਨੂੰ ਜਾਪਾਨ ਨਾਲ ਭਿੜੇਗਾ। ਪਾਕਿਸਤਾਨ ਦਾ ਅਜੇ ਦੋ ਮੈਚਾਂ ਵਿਚ ਸਿਰਫ਼ ਅੰਕ ਹੈ।