ਢਾਕਾ – ਪਿਛਲੀ ਵਾਰ ਦੀ ਚੈਂਪੀਅਨ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਹਾਕੀ ਟੀਮ ਨੂੰ ਮੰਗਲਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਕੋਰੀਆ ਨੇ 2-2 ਨਾਲ ਬਰਾਬਰੀ ‘ਤੇ ਰੋਕ ਦਿੱਤਾ। ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡਣ ਵਾਲੇ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਚੌਥੇ ਮਿੰਟ ਵਿਚ ਲਲਿਤ ਉਪਾਧਿਆਏ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ ਜਿਸ ਤੋਂ ਬਾਅਦ 18ਵੇਂ ਮਿੰਟ ਵਿਚ ਉੱਪ-ਕਪਤਾਨ ਹਰਮਨਪ੍ਰਰੀਤ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਕੋਰੀਆ ਨੇ ਪਹਿਲੇ ਅੱਧ ਤਕ 0-2 ਨਾਲ ਪੱਛੜਨ ਤੋਂ ਬਾਅਦ ਵਾਪਸੀ ਕੀਤੀ। ਜੋਂਗ ਹਿਊਨ ਜੈਂਗ ਨੇ 41ਵੇਂ ਮਿੰਟ ਵਿਚ ਟੀਮ ਵੱਲੋਂ ਪਹਿਲਾ ਗੋਲ ਕੀਤਾ ਜਦਕਿ ਸੁੰਗ ਹਿਊਨ ਕਿਮ ਨੇ 46ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਸਕੋਰ 2-2 ਕਰ ਦਿੱਤਾ। ਕੋਰੀਆ ਦੀ ਟੀਮ ਨੇ ਮੈਚ ਅੱਗੇ ਵਧਣ ਦੇ ਨਾਲ ਆਤਮਵਿਸ਼ਵਾਸ ਹਾਸਲ ਕੀਤਾ ਤੇ ਭਾਰਤ ਦੇ ਡਿਫੈਂਸ ‘ਤੇ ਦਬਾਅ ਪਾਇਆ। ਮਨਪ੍ਰਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਵੀ ਪੈਨਲਟੀ ਕਾਰਨਰ ਸਮੇਤ ਕਈ ਮੌਕੇ ਮਿਲੇ ਪਰ ਟੀਮ ਉਨ੍ਹਾਂ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੀ ਜਿਸ ਨਾਲ ਮੈਚ ਡਰਾਅ ‘ਤੇ ਖ਼ਤਮ ਹੋਇਆ। ਕੋਰੀਆ ਦੇ ਗੋਲਕੀਪਰ ਜੇਈ ਹਿਊਨ ਕਿਮ ਦੋਵਾਂ ਟੀਮਾਂ ਵਿਚਾਲੇ ਫ਼ਰਕ ਸਾਬਤ ਹੋਏ ਜਿਨ੍ਹਾਂ ਨੇ ਭਾਰਤੀ ਟੀਮ ਦੇ ਕਈ ਹਮਲਿਆਂ ਨੂੰ ਨਾਕਾਮ ਕਰਦੇ ਹੋਏ ਆਪਣੀ ਟੀਮ ਨੂੰ ਇਕ ਅੰਕ ਦਿਵਾਇਆ। ਟੂਰਨਾਮੈਂਟ ਦੇ ਪਿਛਲੇ ਸੈਸ਼ਨ ਵਿਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਪਿਛਲਾ ਮੈਚ ਵੀ 1-1 ਨਾਲ ਬਰਾਬਰ ਰਿਹਾ ਸੀ। ਭਾਰਤ ਆਪਣੇ ਅਗਲੇ ਮੈਚ ਵਿਚ ਬੁੱਧਵਾਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਭਿੜੇਗਾ।