ਨਵੀਂ ਦਿੱਲੀ : ਬਾਲੀਵੁੱਡ ਫਿਲਮ ਇੰਡਸਟਰੀ ਤੋਂ ਇਕ ਵਾਰ ਫਿਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਗਜ ਅਦਾਕਾਰ ਰਿਸ਼ੀ ਕਪੂਰ ਤੋਂ ਬਾਅਦ ਹੁਣ ਉਨ੍ਹਾਂ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ। 58 ਸਾਲ ਦੇ ਰਾਜੀਵ ਕਪੂਰ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਬਲਕਿ ਪੂਰੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਰਿਸ਼ੀ ਕਪੂਰ ਤੋਂ ਬਾਅਦ ਰਾਜੀਵ ਕਪੂਰ ਦੀ ਮੌਤ ਕਪੂਰ ਖ਼ਾਨਦਾਨ ਲਈ ਇਕ ਵੱਡਾ ਝਟਕਾ ਹੈ।ਐਕਟਰ ਰਾਜੀਵ ਕਪੂਰ ਨੂੰ ਮੰਗਲਵਾਰ ਨੂੰ ਹਾਰਟ ਅਟੈਕ ਆਇਆ। ਤੁਰੰਤ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਹਸਪਤਾਲ ’ਚ ਡਾਕਟਰਾਂ ਨੇ ਰਾਜੀਵ ਕਪੂਰ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਛੋਟੇ ਭਰਾ ਰਾਜੀਵ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਰਣਧੀਰ ਕਪੂਰ ਨੇ ਕਿਹਾ, ‘ਮੈਂ ਆਪਣੇ ਛੋਟੇ ਭਰਾ ਨੂੰ ਗੁਆ ਲਿਆ। ਰਾਜੀਵ ਦਾ ਦੇਹਾਂਤ ਹੋ ਗਿਆ ਹੈ। ਡਾਕਟਰਾਂ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਬਚਾ ਨਾ ਸਕੇ।’ ਰਣਧੀਰ ਕਪੂਰ ਤੋਂ ਇਲਾਵਾ ਨੀਤੂ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਰਾਜੀਵ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਪ੍ਰਗਟਾਇਆ ਹੈ।