ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੁਪਿੰਦਰ ਸਿੰਘ ਡੀਸੀਪੀ ਸਿਟੀ/ਦਿਹਾਤੀ ਲੁਧਿਆਣਾ ਨੇ ਦੱਸਿਆ ਕਿ ਕਰਨਵੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋ ਦੀ ਪੁਲਿਸ ਪਾਰਟੀ ਨੇ ਇੱਕ ਐਨਆਰਆਈ ਮ੍ਰਿਤਕਾ ਰੁਪਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਸ਼ਿਮਲਾਪੁਰੀ ਲੁਧਿਆਣਾ (ਮੌਜੂਦਾ ਵਿਦੇਸ਼ ਨਿਵਾਸੀ) ਦੇ ਗੁੰਮ ਹੋਣ ਸਬੰਧੀ ਮੁਕੱਦਮਾ ਨੰਬਰ 116 ਮਿਤੀ 18-08-2025 ਅਧੀਨ ਧਾਰਾ 127(6) ਬੀਐਨਐਸ ਥਾਣਾ ਡੇਹਲੋ ਜਿਲਾ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਮਿਤੀ 09-09-2025 ਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਸੁਖਜੀਤ ਸਿੰਘ ਉਰਫ ਸੋਨੂੰ ਨੂੰ ਨਾਮਜ਼ਦ ਕਰਕੇ ਮਿਤੀ 12-09-2025 ਨੂੰ ਅਡਾਨੀ ਸੂਆ ਨੇੜੇ ਅੰਡਰਬ੍ਰਿਜ ਤੋਂ ਗ੍ਰਿਫਤਾਰ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਇਸ ਦੌਰਾਨ ਪੁੱਛਗਿੱਛ ਦੇ ਵਿੱਚ ਦੋਸੀ ਨੇ ਇਕਬਾਲ ਕੀਤਾ ਕਿ ਉਸਨੇ ਮਿਤੀ 12-07-2025 ਨੂੰ ਐਨਆਰਆਈ ਮ੍ਰਿਤਕਾ ਰੁਪਿੰਦਰ ਕੌਰ ਦਾ ਕਤਲ, ਇੱਕ ਐਨਆਰਆਈ ਚਰਨਜੀਤ ਸਿੰਘ ਵਾਸੀ ਪਿੰਡ ਮਹਿਮਾ ਸਿੰਘ ਵਾਲਾ (ਵਿਦੇਸ਼ ਨਿਵਾਸੀ) ਦੇ ਕਹਿਣ ‘ਤੇ ਕੀਤਾ ਸੀ। ਇਸ ਕਤਲ ਦੇ ਬਦਲੇ ਉਸਨੂੰ ਵਿਦੇਸ਼ ਲਿਜਾਣਾ ਅਤੇ ਖਰਚਾ ਚਰਨਜੀਤ ਸਿੰਘ ਵੱਲੋਂ ਕਰਨ ਦੀ ਗੱਲ ਕਹੀ ਗਈ ਸੀ। ਦੋਸੀ ਵੱਲੋਂ ਮ੍ਰਿਤਕਾ ਦੀ ਲਾਸ਼ ਆਪਣੇ ਘਰ ਦੇ ਸਟੋਰ ਵਿੱਚ ਕੋਲਿਆਂ ਦੀ ਅੱਗ ਨਾਲ ਸਾੜ ਕੇ ਟੁਕੜੇ ਟੁਕੜੇ ਕਰਕੇ ਘੁੰਗਰਾਣਾ ਸੂਅੇ ਦੇ ਨੇੜੇ ਖੁਸ਼ਕ ਬੰਦਰਗਾਹ ਵਿੱਚ ਸੁੱਟ ਦਿੱਤੀ ਗਈ। ਮਿਤੀ 15-09-2025 ਨੂੰ ਮੌਕਾ ਵਾਕੂਆ ਤੋਂ ਚਿੱਟੇ ਰੰਗ ਦਾ ਲਿਫਾਫਾ ਅਤੇ ਹਥੌੜਾ ਬ੍ਰਾਮਦ ਕੀਤਾ ਗਿਆ ਤੇ ਫੋਰੇਂਸਿਕ ਟੀਮ ਵੱਲੋਂ ਵੱਖ-ਵੱਖ ਸੈਂਪਲ ਇਕੱਠੇ ਕੀਤੇ ਗਏ। ਮਿਤੀ 16-09-2025 ਨੂੰ ਡਿਊਟੀ ਮੈਜਿਸਟ੍ਰੇਟ ਸਾਹਨੇਵਾਲ ਦੀ ਹਾਜ਼ਰੀ ਵਿੱਚ ਦੋਸੀ ਦੀ ਨਿਸ਼ਾਨਦੇਹੀ ਤੇ ਘੁੰਗਰਾਣਾ ਸੂਆ ਤੋਂ ਮ੍ਰਿਤਕਾ ਦੀਆਂ ਸਾੜੀਆਂ ਹੱਡੀਆਂ ਅਤੇ ਉਸਦਾ ਟੁੱਟਿਆ ਹੋਇਆ ਆਈਫ਼ੋਨ ਬ੍ਰਾਮਦ ਕੀਤਾ ਗਿਆ। ਇਸ ਕੇਸ ਦੀ ਹੋਰ ਤਫਤੀਸ਼ ਹਾਲੇ ਜਾਰੀ ਹੈ।