ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਐਮ. ਏ. ਪੰਜਾਬੀ ਦੇ ਤਿੰਨ ਵਿਦਿਆਰਥੀਆਂ ਨੇ ਯੂ. ਜੀ. ਸੀ. ਦਾ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਨੈੱਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਡਾ. ਕਾਹਲੋਂ ਨੇ ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵਦੀਪ ਸਿੰਘ ਨੇ ਦੂਸਰੀ ਵਾਰ ਯੂ. ਜੀ. ਸੀ. ਦੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਉਕਾਂਰ ਸਿੰਘ ਨੇ ਪਿਛਲੇ ਸਾਲ ਐੱਮ. ਏ. ਪੰਜਾਬੀ ਕੀਤੀ ਸੀ ਤੇ ਇਸ ਸਾਲ ਉਸ ਨੇ ਇਹ ਟੈਸਟ ਪਾਸ ਕਰ ਲਿਆ। ਉਨ੍ਹਾਂ ਕਿਹਾ ਕਿ ਵਿਭਾਗ ਅਤੇ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਹਿਬਜੀਤ ਸਿੰਘ ਅਜੇ ਐੱਮ. ਏ. ਸਮੈਸਟਰ ਦੂਸਰੇ ਦਾ ਵਿਦਿਆਰਥੀ ਹੈ ਪਰ ਉਸ ਨੇ ਵੀ ਇਹ ਟੈਸਟ ਪਾਸ ਕਰ ਲਿਆ ਹੈ।
ਇਸ ਮੌਕੇ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਨੇ ਵੀ ਉਕਤ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ ਵਿਭਾਗ ਦੇ ਐੱਮ. ਏ. ਦੇ ਵਿਦਿਆਰਥੀਆਂ ਲਈ ਆਪਣੀ ਵੱਖਰੀ ਲਾਇਬ੍ਰੇਰੀ, ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਦਾ ਆਪਣਾ ਖੋਜ ਰਸਾਲਾ ਸੰਵਾਦ ਵਿਦਿਆਰਥੀਆਂ ਨੂੰ ਸਾਹਿਤ ਅਧਿਐਨ ਦੀ ਚੇਟਕ ਲਗਾਉਂਦਾ ਹੈ ਜਿਸ ਸਦਕਾ ਵਿਦਿਆਰਥੀ ਹਰ ਵਾਰ ਇਹ ਰਾਸ਼ਟਰੀ ਯੋਗਤਾ ਪ੍ਰੀਖਿਆ ਪਾਸ ਕਰਦੇ ਹਨ। ਇਸ ਮੌਕੇ ਡਾ. ਦਯਾ ਸਿੰਘ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਜਸਬੀਰ ਸਿੰਘ, ਡਾ. ਚਿਰਜੀਵਨ ਕੌਰ ਆਦਿ ਹਾਜ਼ਰ ਸਨ।