ਚੰਡੀਗੜ੍ਹ – ਕਾਂਗਰਸ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਖ਼ਤਮ ਕਰਨ ਦੀ ਰੋਜ਼ ਨਵੀਂ ਸਾਜਿਸ਼ ਰਚੀ ਜਾ ਰਹੀ ਹੈ। ਸੁਰਜੇਵਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਇਕ ਪੋਸਟ ’ਚ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ 18 ਅਕਤੂਬਰ ਤੱਕ ਹਰਿਆਣਾ ਤੋਂ ਪਿਛਲੇ ਸਾਲ ਦੇ ਮੁਕਾਬਲੇ 53 ਫ਼ੀਸਦੀ ਅਤੇ ਪੰਜਾਬ ਤੋਂ 39 ਫ਼ੀਸਦੀ ਘੱਟ ਚੌਲ ਖਰੀਦੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਹਰਿਆਣਾ-ਪੰਜਾਬ ਦੀਆਂ ਮੰਡੀਆਂ ਚੌਲਾਂ ਨਾਲ ਭਰੀਆਂ ਪਈਆਂ ਹਨ, ਕਿਸਾਨ 2,320 ਰੁਪਏ ਪ੍ਰਤੀ ਕੁਇੰਟਲ ਦੇ ਐੱਮ.ਐੱਸ.ਪੀ. ਦੇ ਮੁਕਾਬਲੇ 2100-2200 ਰੁਪਏ ਪ੍ਰਤੀ ਕੁਇੰਟਲ ਚੌਲ ਵੇਚਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਬਿਨਾਂ ਐੱਮ.ਐੱਸ.ਪੀ. 1509 ਦੀ ਕਿਸਮ ਦਾ ਚੌਲ ਪਿਛਲੇ ਸਾਲ ਦੇ ਮੁਕਾਬਲੇ 700-800 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਪਰ ਕੋਈ ਸੁਣਨ ਵਾਲਾ ਨਹੀਂ। ਕਾਂਗਰਸ ਆਗੂ ਨੇ ਇਹ ਵੀ ਦੋਸ਼ ਲਗਾਇਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਤਾਂ ਮਜ਼ਬੂਰੀ ’ਚ ਪਰਾਲੀ ਸਾੜਨ ਵਾਲੇ ਕਿਸਾਨ ਦੀ ਫਸਲ ਐੱਮ.ਐੱਸ.ਪੀ. ’ਤੇ 2 ਸਾਲ ਤੱਕ ਨਾ ਖਰੀਦਣ ਦਾ ਫਰਮਾਨ ਜਾਰੀ ਕੀਤਾ ਹੈ।