ਨਵੀਂ ਦਿੱਲੀ – ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਇਕ ਮੈਂਬਰ ਲਈ ਹੋਈ ਚੋਣ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਹ ਕਦਮ ਅਜਿਹੇ ਸਮੇਂ ਵਿੱਚ ਉਠਾਇਆ ਗਿਆ ਹੈ ਜਦੋਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਐੱਮਸੀਡੀ ਦੀ ਸਥਾਈ ਕਮੇਟੀ ਵਿੱਚ ਇਕ ਮੈਂਬਰ ਦੀ ਚੋਣ ‘ਗੈਰ-ਕਾਨੂੰਨੀ ਤੇ ਗੈਰ-ਲੋਕਤੰਤਰੀ’ ਸੀ। ਭਾਜਪਾ ਨੇ ਐੱਮਸੀਡੀ ਦੀ 18 ਮੈਂਬਰੀ ਸਥਾਈ ਕਮੇਟੀ ਦੀ ਇਕਮਾਤਰ ਖਾਲੀ ਸੀਟ ’ਤੇ ਨਿਰਵਿਰੋਧ ਜਿੱਤ ਹਾਸਲ ਕੀਤੀ ਕਿਉਂਕਿ ਸੱਤਾਧਾਰੀ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਚੋਣ ਦਾ ਬਾਈਕਾਟ ਕੀਤਾ ਸੀ। ਭਾਜਪਾ ਨੇ ਐੱਮਸੀਡੀ ਦੀ ਸਥਾਈ ਕਮੇਟੀ ਵਿੱਚ ਖਾਲੀ ਅਹੁਦਾ ਭਰਨ ਲਈ ਹੋਈ ਚੋਣ ਨੂੰ ਲੈ ਕੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਖ਼ਿਲਾਫ਼ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਆਪਣੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਦੀ ਹਾਲ ਵਿੱਚ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ।