ਤਰਨ ਤਾਰਨ – ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਨਾਲ ਸਬੰਧਤ ਤਿੰਨ ਅੱਤਵਾਦੀਆਂ ਤੋਂ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਲਖਬੀਰ ਰੋਡੇ ਦੇ ਅੱਤਵਾਦੀ ਨੈੱਟਵਰਕ ਨੂੰ ਤੋੜਨ ਲਈ ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ ਛਾਪੇਮਾਰੀ ਕੀਤੀ। ਐੱਸਪੀ ਰੈਂਕ ਦੇ ਅਧਿਕਾਰੀ ਵੱਲੋਂ ਖੇਮਕਰਨ ਸੈਕਟਰ ਦੇ ਲਗਪਗ ਅੱਠ ਪਿੰਡਾਂ ’ਚ ਛਾਪੇਮਾਰੀ ਕੀਤੀ ਗਈ। ਐੱਨਆਈਏ ਦੀ ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਜਿੱਥੋਂ ਪਾਕਿਸਤਾਨੀ ਡਰੋਨ ਆਏ ਸਨ, ਉਥੇ ਜਾ ਕੇ ਵੀ ਜਾਂਚ ਕੀਤੀ। ਐੱਨਆਈਏ ਦੀ ਛਾਪੇਮਾਰੀ ਸਬੰਧੀ ਸਥਾਨਕ ਪੁਲਿਸ ਨੂੰ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ। ਅੱਤਵਾਦੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਵਿਚ ਅੱਤਵਾਦੀ ਜਥੇਬੰਦੀਆਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਚੁੱਕੇ ਹਨ। ਇਸ ਕਾਰਨ ਗ੍ਰਹਿ ਵਿਭਾਗ ਨੇ ਪੁਲਿਸ ਨੂੰ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।ਮੋਗਾ ਜ਼ਿਲ੍ਹੇ ਦੇ ਤਿੰਨ ਅੱਤਵਾਦੀਆਂ ਕੁਲਵਿੰਦਰ ਸਿੰਘ, ਕਮਲਪ੍ਰੀਤ ਸਿੰਘ ਅਤੇ ਕੰਵਰਪਾਲ ਸਿੰਘ ਨੂੰ 22 ਸਤੰਬਰ ਦੀ ਰਾਤ ਨੂੰ ਦੋ ਟਿਫਨ ਬੰਬ, ਦੋ ਹੈਂਡ ਗ੍ਰਨੇਡ ਅਤੇ 9 ਐੇੱਮਐੱਮ ਦੇ ਦੋ ਪਿਸਤੌਲਾਂ ਸਮੇਤ ਥਾਣਾ ਭਿਖੀਵਿੰਡ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਗਿ੍ਰਫਤਾਰ ਕੀਤਾ ਸੀ। ਪਾਕਿਸਤਾਨ ਵਿਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ) ਦੇ ਮੁਖੀ ਲਖਬੀਰ ਸਿੰਘ ਰੋਡੇ ਵੱਲੋਂ ਤਰਨ ਤਾਰਨ ਖੇਤਰ ਵਿਚ ਆਪਣੇ ਬਣਾਏ ਨੈੱਟਵਰਕ ਦਾ ਹਾਲ ਹੀ ਵਿਚ ਉਜਾਗਰ ਹੋਇਆ ਹੈ। ਇਸ ਤੋਂ ਬਾਅਦ ਐੱਨਆਈਏ ਨੇ ਖੇਮਕਰਨ ਸੈਕਟਰ ਦੇ ਕੁਝ ਪਿੰਡਾਂ ਵਿਚ ਛਾਪੇਮਾਰੀ ਕੀਤੀ। ਐੱਨਆਈਏ ਦੀ ਟੀਮ ਸ਼ਾਮ ਪੰਜ ਵਜੇ ਨੌਸ਼ਹਿਰਾ ਢਾਲਾ ਸਰਹੱਦ ਦੇ ਉਸ ਖੇਤਰ ਵਿਚ ਵੀ ਪਹੁੰਚੀ ਜਿੱਥੋਂ ਡਰੋਨਾਂ ਦੀ ਆਮਦ ਹੁੰਦੀ ਰਹੀ ਹੈ।ਕੇਟੀਐੱਫ ਦੇ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਉਸ ਦੇ ਸਾਥੀ ਅਰਸ਼ਦੀਪ ਸਿੰਘ ਡੱਲਾ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਨੌਜਵਾਨਾਂ ਨੂੰ ਵਰਗਲਾਉਣ ਬਾਰੇ ਕੁਝ ਆਡਿਓ ਮੈਸੇਜ ਤਿਆਰ ਕੀਤੇ ਗਏ ਹਨ। ਇਨ੍ਹਾਂ ਮੈਸੇਜਾਂ ਵਿਚ ਨੌਜਵਾਨਾਂ ਨੂੰ ਖਾਲਿਸਤਾਨੀ ਸਮਰਥਕ ਬਣਾਉਣ ਲਈ ਕੁਝ ਅਜਿਹੀ ਸਮੱਗਰੀ ਦਿੱਤੀ ਗਈ ਹੈ, ਜਿਸ ਨਾਲ ਨੌਜਵਾਨਾਂ ਦਾ ਬ੍ਰੇਨਵਾਸ਼ ਕੀਤਾ ਜਾ ਸਕੇ। ਓਧਰ ਪੁਲਿਸ ਵੱਲੋਂ ਹਰਦੀਪ ਸਿੰਘ ਨਿੱਝਰ ਅਤੇ ਅਰਸ਼ਦੀਪ ਸਿੰਘ ਡੱਲਾ ਨੂੰ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਕੇਟੀਐੱਫ ਦੇ ਅੱਤਵਾਦੀ ਕੁਲਵਿੰਦਰ ਸਿੰਘ, ਕਮਲਪ੍ਰੀਤ ਸਿੰਘ ਅਤੇ ਕੰਵਰਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਪਹਿਲੇ ਦੌਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਲਗਪਗ 13 ਲੋਕਾਂ ਦੇ ਬੈਂਕ ਖਾਤਿਆਂ ਦੀ ਡੀਟੇਲ ਜਾਂਚੀ ਜਾ ਰਹੀ ਹੈ। ਇੰਨਾ ਹੀ ਨਹੀਂ, ਵੈਸਟਰਨ ਯੂਨੀਅਨ ਜ਼ਰੀਏ ਕੈਨੇਡਾ ਅਤੇ ਜਰਮਨ ਤੋਂ ਵੱਡੀ ਰਾਸ਼ੀ ਕੁਝ ਲੋਕਾਂ ਤਕ ਪਹੁੰਚਣ ਦੇ ਵੀ ਸੰਕੇਤ ਮਿਲੇ ਹਨ, ਜਿਸ ਦੀ ਜਾਂਚ ਬਕਾਇਦਾ ਜਾਰੀ ਹੈ।