ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਨੇ 39 ਸਾਲ ਦੀ ਉਮਰ ‘ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਸੰਤ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਇਕ ਵੀਡੀਓ ਜਾਰੀ ਕਰ ਕੇ ਸੰਨਿਆਸ ਦਾ ਐਲਾਨ ਕੀਤਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਆਈਸੀਸੀ ਅਤੇ ਕੇਰਲ ਕ੍ਰਿਕਟ ਸੰਘ ਦਾ ਧੰਨਵਾਦ ਕੀਤਾ। ਉਸ ਨੇ ਆਪਣੀ ਵੀਡੀਓ ‘ਚ ਕਿਹਾ ਕਿ ਇਹ ਮੇਰੇ ਲਈ ਔਖਾ ਦਿਨ ਹੈ, ਪਰ ਮੈਂ ਲੀਗ ਅਤੇ ਟੂਰਨਾਮੈਂਟ ਟੀਮਾਂ, ਕੇਰਲ ਰਾਜ ਕ੍ਰਿਕਟ ਸੰਘ, ਬੀਸੀਸੀਆਈ, ਵਾਰਵਿਕਸ਼ਾਇਰ ਕਾਉਂਟੀ ਕ੍ਰਿਕਟ ਟੀਮ, ਇੰਡੀਅਨ ਏਅਰਲਾਈਨਜ਼ ਕ੍ਰਿਕਟ ਟੀਮ, ਬੀਪੀਸੀਐਲ ਅਤੇ ਆਈਸੀਸੀ, ਮੇਰੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗਾ।
ਸ਼੍ਰੀਸੰਤ ਨੇ ਇਸ ਰਣਜੀ ਸੀਜ਼ਨ ‘ਚ ਆਪਣੀ ਸਟੇਟ ਟੀਮ ਕੇਰਲ ਲਈ ਖੇਡਣਾ ਸ਼ੁਰੂ ਕੀਤਾ ਸੀ ਪਰ ਅਚਾਨਕ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ। ਉਸ ਨੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਨੂੰ ਵੀ ਅਲਵਿਦਾ ਕਹਿ ਦਿੱਤਾ, ਜਿਸ ਰਾਹੀਂ ਉਹ ਭਾਰਤ ਲਈ ਦੁਬਾਰਾ ਖੇਡਣ ਦਾ ਸੁਪਨਾ ਦੇਖ ਰਿਹਾ ਸੀ।
ਐੱਸ ਸ਼੍ਰੀਸੰਤ ਨੇ ਭਾਰਤ ਲਈ 27 ਟੈਸਟ ਮੈਚ, 53 ਵਨਡੇ ਅਤੇ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ 169 ਵਿਕਟਾਂ ਲਈਆਂ। ਸ਼੍ਰੀਸੰਤ ਸਾਲ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ, ਜਦੋਂ ਕਿ ਉਹ 2011 ਦੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਵੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸੀ, ਜੋ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਜਿੱਤਿਆ ਸੀ। 2007 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਉਸ ਨੇ 4 ਓਵਰਾਂ ‘ਚ 44 ਦੌੜਾਂ ਦੇ ਕੇ ਇਕ ਵਿਕਟ ਲਈ, ਜਦਕਿ 2011 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਉਸ ਨੇ 8 ਓਵਰਾਂ ‘ਚ 52 ਦੌੜਾਂ ਦੇ ਕੇ ਇਕ ਵਿਕਟ ਲਈ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ।