ਜਨੇਵਾ – ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇਕ ਤਕਨੀਕੀ ਸੰਸਥਾ ਨੇ ਕਿਹਾ ਕਿ ਓਮੀਕ੍ਰੋਨ ਨਾਲ ਮੁਕਾਬਲਾ ਕਰਨ ਲਈ ਮੌਜੂਦਾ ਕੋਰੋਨਾ ਵੈਕਸੀਨ ’ਤੇ ਮੁੜ ਤੋਂ ਕੰਮ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਤਾਂਕਿ ਉਹ ਇਸਦੇ ਖ਼ਿਲਾਫ਼ ਅਸਰਦਾਰ ਹੋ ਸਕੇ।
ਸੁਤੰਤਰ ਮਾਹਿਰਾਂ ਵਾਲੇ ਇਸ ਤਕਨੀਕੀ ਸਮੂਹ ਨੇ ਕਿਹਾ ਕਿ ਉਹ ਓਮੀਕ੍ਰੋਨ ਦੇ ਮੱਦੇਨਜ਼ਰ ਟੀਕਾਕਰਨ ਪ੍ਰਣਾਲੀ ’ਚ ਬਦਲਾਅ ’ਤੇ ਵਿਚਾਰ ਕਰਨਗੇ ਤੇ ਜ਼ੋਰ ਦੇਣਗੇ ਕਿ ਟੀਕਾ ਅਸਰਦਾਰ ਹੋ ਸਕੇ। ਡਬਲਯੂਐੱਚਓ ਨੂੰ ਤਕਨੀਕੀ ਸਲਾਹ ਦੇਣ ਲਈ ਗਠਿਤ ਇਸ ਸੰਸਥਾ ਦਾ ਮੰਨਣਾ ਹੈ ਕਿ ਮੌਜੂਦਾ ਕੋਰੋਨਾ ਟੀਕਿਆਂ ਦੀ ਰੂਪ-ਰੇਖਾ ਬਦਲਣ ਦੀ ਲੋੜ ਪੈ ਸਕਦੀ ਹੈ ਤਾਂਕਿ ਉਹ ਓਮੀਕ੍ਰੋਨ ਸਮੇਤ ਕੋਰੋਨਾ ਦੀਆਂ ਹੋਰ ਚਿੰਤਾਜਨਕ ਕਿਸਮਾਂ (ਵੀਓਸੀ) ਤੋਂ ਸੁਰੱਖਿਆ ਪ੍ਰਦਾਨ ਕਰ ਸਕਣ। ਸੰਸਥਾ ਨੇ ਕਿਹਾ ਕਿ ਇਕ ਬਿਹਤਰ ਬੂਸਟਰ ਡੋਜ਼ ਲਈ ਜ਼ਰੂਰੀ ਹੈ ਕਿ ਉਹ ਜਾਇਜ਼, ਵਿਆਪਕ, ਅਸਰਦਾਰ ਤੇ ਲੰਬੇ ਸਮੇਂ ਤਕ ਕਾਰਗਰ ਪ੍ਰਤੀ-ਰੱਖਿਆ ਪ੍ਰਤੀਕਿਰਿਆ ਦੇਣ ਵਾਲੀ ਹੈ। ਇਹ ਵੈਕਸੀਨ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਵਾਰ-ਵਾਰ ਬੂਸਟਰ ਡੋਜ਼ ਦੀ ਜ਼ਰੂਰਤ ਨਾ ਮਹਿਸੂਸ ਹੋਵੇ।ਹਾਲਾਂਕਿ ਇਸ ਸੰਸਥਾ ਨੇ ਆਪਣੇ ਬਿਆਨ ’ਚ ਓਮੀਕ੍ਰੋਨ ਲਈ ਕਿਸੇ ਖ਼ਾਸ ਵੈਕਸੀਨ ਦੀ ਵਕਾਲਤ ਨਾ ਕਰਦੇ ਹੋਏ ਕਿਹਾ ਕਿ ਇਸ ਖੇਤਰ ’ਚ ਫ਼ਿਲਹਾਲ ਹੋ ਖੋਜ ਦੀ ਜ਼ਰੂਰਤ ਹੈ। ਉਸ ਨੇ ਵੈਕਸੀਨ ਨਿਰਮਾਤਾਵਾਂ ਨੂੰ ਹੋਰ ਜ਼ਿਆਦਾ ਡਾਟਾ ਸਾਂਝਾ ਕਰਨ ਦੀ ਅਪੀਲ ਕੀਤੀ ਹੈ।ਬਿਆਨ ’ਚ ਕਿਹਾ ਗਿਆ ਹੈ ਕਿ ਇਕ ਅਪਡੇਟ ਟੀਕਾ ਕਿਸੇ ਖ਼ਾਸ ਵੈਰੀਐਂਟ ਨੂੰ ਟੀਚਾ ਬਣਾ ਕੇ ਤਿਆਰ ਕੀਤਾ ਜਾ ਸਕਦਾ ਹੈ ਜਾਂ ਅਜਿਹਾ ਟੀਕਾ ਵੀ ਤਿਆਰ ਕੀਤਾ ਜਾ ਸਕਦਾ ਹੈ ਜੋ ਇਕੱਠਿਆਂ ਕਈ ਮੁੱਖ ਵੈਰੀਐਂਟਸ ਦਾ ਸਾਹਮਣਾ ਕਰਨ ’ਚ ਸਮਰਥ ਹੋਵੇ। ਵੈਸੇ ਇਸ ਸਬੰਧ ’ਚ ਉਦੋਂ ਕੋਈ ਸਿਫਾਰਸ਼ ਕੀਤੀ ਜਾਵੇਗੀ ਜਦੋਂ ਹੋਰ ਡਾਟਾ ਮੁਹੱਈਆ ਹੋਵੇਗਾ। ਵੈਸੇ ਕੁਝ ਵੈਕਸੀਨ ਨਿਰਮਾਤਾ ਪਹਿਲਾਂ ਤੋਂ ਹੀ ਅਗਲੀ ਪੀੜ੍ਹੀ ਦੇ ਟੀਕੇ ਦਾ ਵਿਕਾਸ ਕਰ ਰਹੇ ਹਨ। ਸੋਮਵਾਰ ਨੂੰ ਫਾਈਜ਼ਰ ਦੇ ਮੁੱਖ ਕਾਰਜਕਾਰੀ ਅਲਬਰਟ ਬੌਰਲਾ ਨੇ ਕਿਹਾ ਕਿ ਓਮੀਕ੍ਰੋਨ ਨੂੰ ਧਿਆਨ ’ਚ ਰੱਖਦੇ ਹੋਏ ਕੋਰੋਨਾ ਵੈਕਸੀਨ ਮੁੜ ਤੋਂ ਡਿਜ਼ਾਈਨ ਕੀਤੀ ਗਈ ਹੈ। ਇਹ ਵੈਕਸੀਨ ਮਾਰਚ ਤਕ ਲਾਂਚ ਹੋ ਸਕਦੀ ਹੈ। ਫਾਈਜ਼ਰ ਦੀ ਵਿਰੋਧੀ ਮਾਡਰਨਾ ਵੀ ਓਮੀਕ੍ਰੋਨ ਨੂੰ ਧਿਆਨ ’ਚ ਰੱਖ ਕੇ ਵੈਕਸੀਨ ਨੂੰ ਵਿਕਸਿਤ ਕਰਨ ’ਚ ਲੱਗੀ ਹੈ ਪਰ ਇਸ ਨੂੰ ਸਾਹਮਣੇ ਆਉਣ ’ਚ ਘਟੋ-ਘੱਟ ਦੋ ਮਹੀਨੇ ਲੱਗ ਸਕਦੇ ਹਨ। ਡਬਲਯੂਐੱਚਓ ਦੇ ਇਕ ਉੱਚ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਵੈਕਸੀਨ ਦੀ ਰੂਪ-ਰੇਖਾ ਦੇ ਮੁੱਦੇ ’ਤੇ ਕੌਮਾਂਤਰੀ ਤਾਲਮੇਲ ਦੀ ਜ਼ਰੂਰਤ ਹੈ। ਇਸ ’ਤੇ ਫ਼ੈਸਲਾ ਲੈਣ ਦੇ ਕੰਮ ਸਿਰਫ ਨਿਰਮਾਤਾਵਾਂ ’ਤੇ ਨਹੀਂ ਛੱਡਿਆ ਜਾ ਸਕਦਾ।