
ਟੋਕੀਓ ਓਲੰਪਿਕਸ ਵਿੱਚ 30 ਜੁਲਾਈ ਦੀ ਸ਼ੁਰੂਆਤ ਐਥਲੇਟਿਕ੍ਸ ਮੁਕਾਬਲਿਆਂ ਦੇ ਆਗਾਜ਼ ਨਾਲ ਹੋਈ। ਭਾਰਤ ਦੇ ਅਵਿਨਾਸ਼ ਸੇਬਲ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਹੀਟ 2 ਵਿੱਚ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ। ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਗਮਾ ਪੱਕਾ ਕਰ ਦਿੱਤਾ ਹੈ। ਉਸਨੇ 69 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਨੀਨ ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਸ਼ਟਲਰ ਪੀਵੀ ਸਿੰਧੂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ। ਸਿੰਧੂ ਮੈਡਲ ਜਿੱਤਣ ਤੋਂ ਇਕ ਕਦਮ ਦੂਰ ਹੈ। ਇਸ ਦੇ ਨਾਲ ਹੀ, ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਦਾ ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਉਲੰਪਿਕ ਤੀਰਅੰਦਾਜ਼ੀ ਦੇ ਵਿਅਕਤੀਗਤ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਓਧਰ ਹਾਕੀ ਵਿੱਚ ਭਾਰਤੀ ਕੁੜੀਆਂ ਅਤੇ ਮੁੰਡਿਆਂ ਨੇ ਆਪੋ-ਆਪਣੇ ਮੁਕਾਬਲੇ ਜਿੱਤੇ।
ਆਓ 30 ਜੁਲਾਈ ਨੂੰ ਹੋਏ ਸਾਰੇ ਮੁਕਾਬਲਿਆਂ ਤੇ ਤਫ਼ਤੀਸ ਨਾਲ ਨਜ਼ਰ ਮਾਰੀਏ।
ਐਥਲੇਟਿਕ੍ਸ : ਟ੍ਰੈਕ ਐਂਡ ਫ਼ੀਲਡ ਵਿੱਚ ਹੋਏ ਸਭ ਤੋਂ ਪਹਿਲੇ ਮੁਕਾਬਲੇ ਵਿੱਚ ਭਾਰਤ ਦੇ ਅਵਿਨਾਸ਼ ਸੇਬਲ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਹੀਟ 2 ਵਿੱਚ 8:18:12 ਦਾ ਸਮਾਂ ਕੱਢਦੇ ਹੋਏ ਆਪਣੇ ਹੀ ਬਣਾਏ ਰਾਸ਼ਟਰੀ ਰਿਕਾਰਡ ਨੂੰ ਸੋਧਿਆ। ਇਸ ਤੋਂ ਪਹਿਲਾਂ ਉਹਨਾਂ ਦੇ ਨਾਮ 8:20:20 ਦਾ ਭਾਰਤੀ ਰਾਸ਼ਟਰੀ ਰਿਕਾਰਡ ਸੀ। ਅਵਿਨਾਸ਼ ਸੇਬਲ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਪ੍ਰੋਫਾਰਮੈਂਸ ਦੇਣ ਦੇ ਬਾਵਜੂਦ ਵੀ 7ਵੇਂ ਨੰਬਰ ਤੇ ਰਹੇ। ਹਾਲਾਂਕਿ, ਓਲੰਪਿਕਸ ਦੇ ਸਟੀਪਲਚੇਜ਼ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਾ ਉਹ ਪਹਿਲਾ ਭਾਰਤੀ ਪੁਰਸ਼ ਬਣ ਗਏ। ਸੰਯੁਕਤ ਰਾਜ ਅਮਰੀਕਾ ਦੇ ਰਾਏ ਬੈਂਜਾਮਿਨ ਨੇ 48.60 ਦੇ ਨਾਲ ਹੀਟ ਜਿੱਤੀ, ਇਸ ਤੋਂ ਬਾਅਦ ਕ੍ਰਮਵਾਰ ਰਸਮੁਸ ਮੈਗੀ (ਐਸਟੋਨੀਆ), ਸੋਕਵਾਖਾਨਾ ਜ਼ਾਜ਼ਿਨੀ (ਦੱਖਣੀ ਅਫਰੀਕਾ) ਅਤੇ ਨਿਕ ਸਮਿੱਟ (ਨੀਦਰਲੈਂਡ) ਰਹੇ।
ਭਾਰਤ ਦੇ ਐਮ. ਪੀ ਜਬੀਰ 400 ਮੀਟਰ ਹਰਡਲਜ਼ ਦੀ ਪੰਜਵੀ ਹੀਟ ਵਿੱਚ ਸੱਤਵੇਂ ਸਥਾਨ ’ਤੇ ਰਹੇ। ਜਬੀਰ ਨੇ 50.77 ਦਾ ਸਮਾਂ ਕੱਢਿਆ ਜੋ ਉਸ ਦੇ ਆਪਣੇ ਨਿੱਜੀ ਸਰਬੋਤਮ ਅਤੇ ਸੀਜ਼ਨ ਦੇ ਸਰਬੋਤਮ ਤੋਂ ਪਿੱਛੇ ਸੀ। ਉਹ 36 ਅਥਲੀਟਾਂ ਵਿੱਚੋਂ 33 ਵੇਂ ਥਾਂ ਤੇ ਰਹੇ ।
ਮਸ਼ਹੂਰ ਭਾਰਤੀ ਸਪ੍ਰਿੰਟਰ ਦੁੱਤੀ ਚੰਦ ਨੇ 100 ਮੀਟਰ ਦੌੜ ਵਿੱਚ ਭਾਗ ਲਿਆ। ਹਾਲਾਂਕਿ, ਉਸਨੇ 11.54 ਸੈਕੰਡ ਦਾ ਸਮਾਂ ਕੱਢ ਕੇ ਉਹ ਸੱਤਵੇਂ ਥਾਂ ‘ਤੇ ਰਹੀ, ਜੋ ਕਿ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਕਾਫ਼ੀ ਨਹੀਂ ਸੀ। ਸ਼ੈਲੀ-ਐਨ ਫਰੈਸ਼ਰ-ਪ੍ਰਾਈਸ 10.84 ਦੇ ਸਮੇਂ ਨਾਲ ਹੀਟ 5 ਵਿਚ ਚੋਟੀ ‘ਤੇ ਰਹੀ, ਜਦੋਂਕਿ ਦੂਜੇ ਨੰਬਰ’ ਤੇ 10.91 ਸਮਾਂ ਕੇ ਅਜਲਾ ਡੇਲ ਪੋਂਟੇ ਆਈ।
ਭਾਰਤ ਵੱਲੋਂ 4 ਗੁਣਾ 400 ਮੀ. ਮਿਕ੍ਸਡ ਰਿਲੇਅ ਟੀਮ ਵਿੱਚ ਰੇਵਤੀ ਵੀਰਮਾਨੀ, ਸੁਭਾ ਵੈਂਕਟੇਸ਼ਨ, ਅਲੈਕਸ ਐਂਥਨੀ ਅਤੇ ਸਾਰਥਕ ਭਾਂਬਰੀ ਨੇ ਹਿੱਸਾ ਲਿਆ ਪਰ ਇਸ ਮੁਕਾਬਲੇ ਭਾਰਤ ਦੀ ਰਿਲੇਅ ਟੀਮ 3:19.93 ਦੇ ਸਮੇਂ ਨਾਲ ਹੀਟ 2 ਵਿੱਚ ਆਖਰੀ ਥਾਂ ‘ਤੇ ਰਹੀ। ਮਿਕ੍ਸਡ ਰਿਲੇਅ ਦੇ ਮੁਕਾਬਲੇ ਵਿੱਚ ਅਮਰੀਕਨ ਟੀਮ ਆਪਣੀ ਹੀਟ ਵਿੱਚ ਪਹਿਲੇ ਨੰਬਰ ਤੇ ਰਹਿਣ ਦੇ ਬਾਵਜੂਦ ਵੀ ਬੈਟਨ ਫ਼ੜਨ ਸੰਬੰਧੀ ਡਿਸਕੁਆਲਫਿਕੇਸ਼ਨ ਦੇ ਚਲਦਿਆਂ ਮੁਕਾਬਲੇ ਤੋਂ ਬਾਹਰ ਹੋ ਗਈ ਹੈ।
ਮੁਕੇਬਾਜ਼ੀ: ਸਟਾਰ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਇਸ ਨਾਲ ਲਵਲੀਨਾ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਦੂਜਾ ਤਗਮਾ ਪੱਕਾ ਕਰ ਲਿਆ ਹੈ। ਉਸਨੇ ਸ਼ੁੱਕਰਵਾਰ ਨੂੰ 69 ਕਿਲੋਗ੍ਰਾਮ ਵੈਲਟਰਵੇਟ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਨੀਨ ਚਿਨ ਚੇਨ ਨੂੰ 4-1 ਨਾਲ ਹਰਾਇਆ। ਸੈਮੀਫਾਈਨਲ ਵਿੱਚ, ਲਵਲੀਨਾ ਦਾ ਮੁਕਾਬਲਾ ਬੁੱਧਵਾਰ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਨਾਲ ਹੋਵੇਗਾ।
ਮੁੱਕੇ ਬਾਜ਼ੀ ਦੇ ਇੱਕ ਹੋਰ ਮੁਕਾਬਲੇ ਵਿੱਚ ਲੁੱਧਿਆਣੇ ਜ਼ਿਲ੍ਹੇ ਦੇ ਪਿੰਡ ਚਕਰ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਔਰਤਾਂ ਦੇ 60 ਕਿਲੋਗ੍ਰਾਮ ਦੇ ਮੁਕਾਬਲੇ ਦੌਰਾਨ ਥਾਈਲੈਂਡ ਦੀ ਸੁਦਾਪੋਰਨ ਸਿਸੋਂਡੀ ਨਾਲ ਮੁਕਾਬਲਾ ਕੀਤਾ। ਉਹ ਇਸ ਮੁਕਾਬਲੇ ਵਿੱਚ 5-0 ਨਾਲ ਹਾਰ ਗਈ। ਸਿਮਰਨਜੀਤ ਕੌਰ ਪਹਿਲੀ ਵਾਰ ਓਲੰਪਿਕ ਵਿੱਚ ਪ੍ਰਵੇਸ਼ ਕਰ ਰਹੀ ਹੈ ਅਤੇ ਇਸਦਾ ਦਬਾਅ ਉਸਦੀ ਖੇਡ ਵਿੱਚ ਸਪੱਸ਼ਟ ਰੂਪ ਵਿੱਚ ਵੇਖਿਆ ਗਿਆ ਸੀ। ਸੁਦਾਪੋਰਨ ਸਿਸੋਂਦੀ ਤਿੰਨੋਂ ਰਾਉਂਡਾਂ ਵਿਚ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ, ਇਸ ਹਾਰ ਦੇ ਨਾਲ ਹੀ ਸਿਮਰਨਜੀਤ ਦਾ ਟੋਕੀਓ ਓਲੰਪਿਕਸ ਵਿੱਚ ਸਫਰ ਖਤਮ ਹੋ ਗਿਆ ਹੈ।
ਬੈਡਮਿੰਟਨ: ਪੀ.ਵੀ ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸ਼ਾਨਦਾਰ ਮੈਚ ਵਿੱਚ ਹਰਾਇਆ। ਸਿੰਧੂ ਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ਵਿੱਚ 21-13, 22-20 ਨਾਲ ਹਰਾਇਆ। ਇਹ ਰੋਮਾਂਚਕ ਮੁਕਾਬਲਾ 56 ਮਿੰਟ ਤੱਕ ਚੱਲਿਆ। ਸਿੰਧੂ ਨੇ ਇਹ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਹੁਣ ਉਹ ਮੈਡਲ ਤੋਂ ਇਕ ਜਿੱਤ ਦੂਰ ਹੈ।
ਸਿੰਧੂ ਨੂੰ ਆਪਣਾ ਪਹਿਲਾ ਸੈੱਟ ਜਿੱਤਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਹੋਈ। ਦੂਜੇ ਸੈੱਟ ਵਿੱਚ ਸਿੰਧੂ ਪਹਿਲਾਂ 14-8 ਤੋਂ ਅੱਗੇ ਰਹੀ, ਪਰ ਫਿਰ ਜਾਪਾਨੀ ਕੁੜੀ ਨੇ ਇੱਕ ਵੱਡੀ ਵਾਪਸੀ ਕੀਤੀ ਅਤੇ ਇੱਕ ਸਮੇਂ ਤਾਂ ਓਹ 20-18 ਨਾਲ ਅੱਗੇ ਹੋ ਗਈ ਸੀ। ਭਾਰਤੀ ਸ਼ਟਲਰ ਨੇ ਇੱਕ ਵਾਰ ਫਿਰ ਹਾਰ ਨਹੀਂ ਮੰਨੀ ਅਤੇ ਸਿੱਧੇ 4 ਅੰਕ ਲੈ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ।
ਹਾਕੀ: ਹਾਕੀ ਵਿੱਚ ਸਵੇਰੇ ਹੋਏ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕਿਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਪਹਿਲੇ ਤਿੰਨ ਮੈਚਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਇਹ ਜਿੱਤ ਨਵਨੀਤ ਕੌਰ ਦੇ ਆਖਰੀ ਮਿੰਟਾਂ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਹਾਸਲ ਕੀਤੀ ਗਈ। ਮੈਚ ਦਾ ਇਕਲੌਤਾ ਗੋਲ ਨਵਨੀਤ ਨੇ 57 ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੂੰ ਮਿਲੇ 14 ਪੈਨਲਟੀ ਕਾਰਨਰ ਵਿਅਰਥ ਗਏ ਸੀ। ਪਹਿਲਾਂ ਹੋਏ ਮੁਕਾਬਲਿਆਂ ਵਿੱਚ ਭਾਰਤ ਨੂੰ ਵਿਸ਼ਵ ਦੇ ਪਹਿਲੇ ਨੰਬਰ ਦੀ ਨੀਦਰਲੈਂਡਜ਼ ਨੇ 5-1, ਜਰਮਨੀ ਨੂੰ 2-0 ਨਾਲ ਅਤੇ ਬ੍ਰਿਟੇਨ ਨੇ 4-1 ਨਾਲ ਹਰਾਇਆ ਸੀ।
ਸ਼ਾਮ ਨੂੰ ਹੋਏ ਮੁਕਾਬਲੇ ਵਿੱਚ ਭਾਰਤੀ ਪੁਰਸ਼ ਟੀਮ ਨੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਜਾਪਾਨ ਨੂੰ 5-3 ਨਾਲ ਹਰਾਉਣ ਤੋਂ ਬਾਅਦ ਗਰੁੱਪ ਪੜਾਅ ਵਿੱਚ ਆਸਟਰੇਲੀਆ ਤੋਂ ਬਾਅਦ ਦੂਜਾ ਸਥਾਨ ਬਰਕਰਾਰ ਰੱਖਿਆ। ਭਾਰਤੀ ਟੀਮ ਕੁਆਰਟਰ ਫਾਈਨਲ ਵਿਚ ਪਹਿਲਾਂ ਹੀ ਆਪਣੀ ਜਗ੍ਹਾ ਬਣਾ ਚੁੱਕੀ ਹੈ ਅਤੇ ਜਾਪਾਨ ਨੂੰ ਹਰਾ ਕੇ ਚੰਗੇ ਅੰਦਾਜ਼ ਵਿਚ ਗਰੁੱਪ ਪੜਾਅ ਦੀ ਸਮਾਪਤੀ ਕੀਤੀ। 1980 ਦੇ ਓਲੰਪਿਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹੀ।
ਤੀਰਅੰਦਾਜ਼ੀ: ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਮੈਚ ਵਿੱਚ ਕੋਰੀਆ ਦੀ ਸਾਨ ਉਨ ਦੇ ਖਿਲਾਫ 0-6 ਨਾਲ ਹਾਰ ਗਈ। ਵਿਸ਼ਵ ਦੀ ਨੰਬਰ ਇਕ ਦੀਪਿਕਾ ਦੀ ਇਕਾਗਰਤਾ ਸ਼ੁਰੂ ਤੋਂ ਕਮਜ਼ੋਰ ਨਜ਼ਰ ਆ ਰਹੀ ਸੀ। ਉਹ ਪੂਰੇ ਮੈਚ ਵਿੱਚ ਸਿਰਫ 2 ਵਾਰ 10 ਸਕੋਰ ਕਰਨ ਸਫ਼ਲ ਰਹੀ। ਇਹ ਹਾਰ ਦੀਪਿਕਾ ਕੁਮਾਰੀ ਨੂੰ ਬਹੁਤ ਦਰਦ ਦੇਵੇਗੀ। ਉਹ ਦੁਨੀਆ ਵਿੱਚ ਨੰਬਰ 1 ਤੀਰਅੰਦਾਜ਼ ਹੈ। ਦੀਪਿਕਾ ਮੈਡਲ ਦੇ ਸੁਪਨੇ ਲੈ ਕੇ ਟੋਕੀਓ ਪਹੁੰਚੀ। ਉਹ ਮਿਕਸਡ ਟੀਮ ਈਵੈਂਟ ਵਿੱਚ ਵੀ ਕੋਈ ਕਮਾਲ ਨਹੀਂ ਸੀ ਕਰ ਸਕੀ। ਉਥੇ ਹਾਰਨ ਤੋਂ ਬਾਅਦ, ਉਸਨੂੰ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਤਮਗਾ ਜਿੱਤਣ ਦਾ ਮੌਕਾ ਮਿਲਿਆ। ਦੀਪਿਕਾ ਇਸ ਤੋਂ ਪਹਿਲਾਂ ਲੰਡਨ ਓਲੰਪਿਕ ਦੇ 64 ਦੇ ਦੌਰ ਵਿੱਚ ਬਾਹਰ ਹੋ ਗਈ ਸੀ। ਰੀਓ ਓਲੰਪਿਕਸ ਵਿੱਚ, ਉਹ ਆਖਰੀ -16 ਤੱਕ ਹੀ ਪਹੁੰਚੀ ਸੀ। 27 ਸਾਲਾ ਦੀਪਿਕਾ ਤੋਂ ਟੋਕੀਓ ਵਿੱਚ ਤਮਗਾ ਜਿੱਤਣ ਦੀ ਉਮੀਦ ਸੀ, ਪਰ ਉਹ ਆਖਰੀ -8 ਤੱਕ ਹੀ ਸਫ਼ਰ ਕਰ ਸਕੀ।
ਨਿਸ਼ਾਨੇਬਾਜ਼ੀ: ਔਰਤਾਂ ਦੀ 25 ਮੀਟਰ ਪਿਸਟਲ ਮੁਕਾਬਲੇ ਵਿੱਚ ਮਨੂੰ ਭਾਕਰ (582) ਅਤੇ ਰਾਹੀ ਸਰਨੋਬਤ (573) ਦੋਵੇਂ ਤਗਮਾ ਮੁਕਾਬਲੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੇ।
ਗੋਲਫ: ਪਹਿਲੇ ਰਾਊਂਡ ਵਿੱਚ 69 ਸਕੋਰ ਬਣਾਉਣ ਵਾਲੇ ਉਦਯਨ ਮਾਨੇ ਨੇ 60 ਖਿਡਾਰੀਆਂ ਵਿੱਚ 57 ਵੇਂ ਤੇ ਆਏ। ਉਦਯਾਨ ਮਨੇ ਨੇ ਦੂਜਾ ਰਾਊਂਡ 145 ਦੇ ਸਕੋਰ ਨਾਲ ਟੀ -57, 3 ਦੇ ਬਰਾਬਰ (+3) ਰੈਂਕ 2 ‘ਤੇ ਖ਼ਤਮ ਕੀਤਾ। ਅਨਿਰਬਾਨ ਲਾਹਿੜੀ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਗੋਲਫ ਮੁਕਾਬਲੇ ਦੇ ਦੂਜੇ ਗੇੜ ਵਿੱਚ ਮੀਂਹ ਦੇ ਵਿਘਨ ਕਾਰਨ 16 ਹੋਲ ਦੇ ਬਾਅਦ ਚਾਰ ਅੰਡਰ’ ਤੇ ਰਹੇ।
ਘੋੜਸਵਾਰੀ: ਘੋੜਸਵਾਰ ਫੁਆਦ ਮਿਰਜ਼ਾ ਨੇ ਡਰੈਸੇਜ ਰਾਊਂਡ ਦੇ ਟੀਮ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਸੰਯੁਕਤ ਸੱਤਵਾਂ ਸਥਾਨ ਹਾਸਿਲ ਕੀਤਾ। ਫੁਆਦ ਮਿਰਜ਼ਾ ਅਤੇ ਉਹਨਾਂ ਦੇ ਘੋੜੇ ਸੀਗਨੂਰ ਮੈਡੀਕਾਟ ਨੇ 28.00 ਪੈਨਲਟੀ ਦੇ ਨਾਲ ਡਰੈੱਸ ਗੇੜ ਦੀ ਸਮਾਪਤੀ ਕੀਤੀ।
ਸੇਲਿੰਗ : ਲੇਜ਼ਰ ਮਲਾਹਾਂ ਲਈ ਭਾਰਤ ਦੀ ਓਲੰਪਿਕ ਮੁਹਿੰਮ ਸ਼ੁੱਕਰਵਾਰ ਨੂੰ ਟੋਕਿਓ ਓਲੰਪਿਕ ਵਿੱਚ ਸਮਾਪਤ ਹੋਈ। ਇਸ ਵਿੱਚ ਵਿਸ਼ਨੂੰ ਸਰਾਵਾਨਨ (ਸਟੈਂਡਰਡ) ਅਤੇ ਨੇਥਰਾ ਕੁਮਾਨਨ (ਰੇਡੀਅਲ) ਨੇ ਭਾਗ ਲਿਆ ਸੀ। ਵਿਸ਼ਨੂੰ 35 ਦੇ ਬੇੜੇ ਵਿੱਚ 20 ਵੇਂ ਸਥਾਨ ‘ਤੇ ਰਿਹਾ, ਜਦੋਂ ਕਿ ਨੇਥਰਾ 44 ਵਿੱਚੋਂ 35 ਵੇਂ ਸਥਾਨ’ ਤੇ ਰਿਹਾ।
ਭਾਰਤੀ ਪੁਰਸ਼ਾਂ ਦੀ 49ਅਰ ਜੋੜੀ ਵਰੁਣ ਠੱਕਰ ਅਤੇ ਕੇ.ਸੀ. ਗਣਪਤੀ ਨੌਂ ਰੇਸਾਂ ਦੇ ਬਾਅਦ 17 ਵੇਂ ਸਥਾਨ ‘ਤੇ ਸੀ। ਮੁਕਾਬਲੇ ਦੇ ਤੀਜੇ ਦਿਨ ਭਾਰਤੀ ਜੋੜੀ ਅੱਜ ਦੀਆਂ ਤਿੰਨ ਰੇਸਾਂ ਵਿੱਚ 17 ਵੇਂ, 11 ਵੇਂ ਅਤੇ 16 ਵੇਂ ਸਥਾਨ ‘ਤੇ ਰਹੀ।
ਉਲੰਪਿਕ ਵਿੱਚ ਆਸਟ੍ਰੇਲੀਆ: ਅੱਜ ਖ਼ਾਸ
ਏਮਾ ਮੈਕਕੇਨ ਨੇ ਸ਼ੁੱਕਰਵਾਰ ਨੂੰ ਮਹਿਲਾ ਓਲੰਪਿਕ 100 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਆਸਟਰੇਲੀਆ ਦੇ ਮੈਕਕੇਨ ਨੇ ਟੋਕੀਓ ਵਿੱਚ ਆਪਣਾ ਚੌਥਾ ਤਗਮਾ ਜਿੱਤਿਆ ਹੈ। ਜਦੋਂ ਉਸਨੇ ਇਸ ਮੁਕਾਬਲੇ ਵਿੱਚ 51.96 ਸੈਕਿੰਡ ਦਾ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ। ਕੇਟ ਕੈਂਪਬੈਲ ਨੇ ਇਸੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਕੂਕਾਬੁਰਸ ਦੇ ਲਗਾਤਾਰ ਜਿੱਤਣ ਦਾ ਰਿਕਾਰਡ ਸਪੇਨ ਵਿਰੁੱਧ 1-1 ਨਾਲ ਡਰਾਅ ਰਹਿਣ ਦੇ ਬਾਅਦ ਖਤਮ ਹੋ ਗਿਆ ਹੈ। ਆਸਟ੍ਰੇਲੀਆ ਹਾਕੀ ਟੀਮ ਨੇ ਆਪਣੇ ਪੂਲ ਵਿੱਚ ਟਾਪ ਕੀਤਾ ਹੈ ।
ਮੈਡਲ ਟੈਲੀ :
30 ਜੁਲਾਈ ਦੇ ਮੁਕਾਬਲੇ ਖ਼ਤਮ ਹੋਣ ਤੱਕ ਚੀਨ 19 ਗੋਲਡ 10 ਸਿਲਵਰ ਤੇ 11 ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।
ਆਸਟ੍ਰੇਲੀਆ 9 ਸੋਨੇ ਦੇ, 2 ਚਾਂਦੀ ਦੇ ਅਤੇ 11 ਕਾਂਸੇ ਦੇ ਤਗਮੇ ਜਿੱਤ ਕੇ 5 ਵੇਂ ਨੰਬਰ ਤੇ ਰਿਹਾ। 130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਇੱਕ ਮਾਤਰ ਚਾਂਦੀ ਦੇ ਤਗਮੇ ਨਾਲ 51 ਵੇਂ ਸਥਾਨ ਤੇ ਖਿਸਕ ਗਿਆ।
31 ਜੁਲਾਈ ਦੇ ਕੁਝ ਖ਼ਾਸ ਮੁਕਾਬਲੇ:
31 ਜੁਲਾਈ ਨੂੰ ਸਵੇਰੇ 7.18 ਵਜੇ ਤੀਰਅੰਦਾਜ਼ੀ ਦੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਦੇ ਅਤਨੁ ਦਾਸ ਦਾ ਮੁਕਾਬਲਾ ਜਪਾਨ ਦੇ ਤਾਕਾਰਾ ਫੁਰੁਕਵਾ ਨਾਲ ਹੋਵੇਗਾ।
ਐਥਲੈਟਿਕਸ: ਐਥਲੈਟਿਕਸ ਵਿੱਚ ਮਹਿਲਾ ਡਿਸਕਸ ਥ੍ਰੋਅ ਕੁਆਲਫਿਕੇਸ਼ਨ ਰਾਊਂਡ ਸਵੇਰੇ 6 ਵਜੇ ਸੀਮਾ ਪੂਨੀਆ ਅਤੇ ਸਵੇਰੇ 7.25 ਵਜੇ ਤੋਂ ਕਮਲਪ੍ਰੀਤ ਕੌਰ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।ਪੁਰਸ਼ਾਂ ਦੀ ਲੰਮੀ ਛਾਲ, ਸਿਰੀਸ਼ੰਕਰ, ਕੁਆਲੀਫਿਕੇਸ਼ਨ ਗਰੁੱਪ ਬੀ 3:40 ਵਜੇ ਦਿਖਣਗੇ।
ਬੈਡਮਿੰਟਨ: ਮਹਿਲਾ ਸਿੰਗਲਜ਼ ਸੈਮੀਫਾਈਨਲ ਪੀ.ਵੀ ਸਿੰਧੂ ਬਨਾਮ ਤਾਈ ਜ਼ੂ ਯਿੰਗ (ਚੀਨੀ ਤਾਈਪੇ) ਦੁਪਹਿਰ 3:20 ਵਜੇ ਖੇਡਣਗੀਆਂ।
ਮੁਕੇਬਾਜ਼ੀ: ਅਮਿਤ ਪੰਗਲ ਬਨਾਮ ਉਬੇਰਗੇਨ ਰਿਵਾਸ (ਕੋਲੰਬੀਆ) 52 ਕਿਲੋਗ੍ਰਾਮ ਪੁਰਸ਼ਾਂ ਦਾ ਪ੍ਰੀ-ਕੁਆਰਟਰ ਫਾਈਨਲ ਅਤੇ
ਪੂਜਾ ਰਾਣੀ ਬਨਾਮ ਲੀ ਕਿਯਾਨ (ਚੀਨ) 75 ਕਿਲੋਗ੍ਰਾਮ ਮਹਿਲਾ ਪ੍ਰੀ-ਕੁਆਰਟਰ ਫਾਈਨਲ 3:36 ਤੇ ਦੇਖਣ ਨੂੰ ਮਿਲਣਗੇ।
ਗੋਲਫ: ਅਨਿਰਬਾਨ ਲਹਿਰੀ ਅਤੇ ਉਦਯਨ ਮਨੇ, ਪੁਰਸ਼ਾਂ ਦਾ ਵਿਅਕਤੀਗਤ ਸਟਰੋਕ ਖੇਡ ਸਵੇਰੇ 4:15 ਵਜੇ ਤੋਂ ਹੋਵੇਗਾ ।
ਹਾਕੀ: ਭਾਰਤ ਬਨਾਮ ਦੱਖਣੀ ਅਫਰੀਕਾ, ਮਹਿਲਾ ਪੂਲ ਏ ਮੈਚ ਸਵੇਰੇ 8:45 ਵਜੇ ਹੋਵੇਗਾ।