Punjab

‘ਔਨ ਬਿਹੇਵੀਅਰਲ ਇਕਨਾਮਿਕਸ ਐਂਡ ਇੰਟੈਲੀਜੈਂਟ ਡਿਸੀਜ਼ਨ ਸਿਸਟਮਜ਼ ਫਾਰ ਕਲਾਈਮੇਟ ਚੇਂਜ ਐਂਡ ਸਸਟੇਨੇਬਲ ਡਿਵੈਲਪਮੈਂਟ’ ਕਾਨਫਰੰਸ ਕਰਵਾਈ

ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਕਰਵਾਈ ਗਈ ਕਾਨਫਰੰਸ ਮੌਕੇ ਡਾ. ਮੰਜ਼ੂ ਬਾਲਾ, ਡਾ. ਅਜੈ ਕੇ. ਸ਼ਰਮਾ ਤੇ ਹੋਰ ਸਟਾਫ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਦੇ ਸਹਿਯੋਗ ਨਾਲ ਏ. ਆਈ. ਸੀ. ਟੀ. ਈ. ਦੀ ਸਰਪ੍ਰਸਤੀ ਹੇਠ ‘ਔਨ ਬਿਹੇਵੀਅਰਲ ਇਕਨਾਮਿਕਸ ਐਂਡ ਇੰਟੈਲੀਜੈਂਟ ਡਿਸੀਜ਼ਨ ਸਿਸਟਮਜ਼ ਫਾਰ ਕਲਾਈਮੇਟ ਚੇਂਜ ਐਂਡ ਸਸਟੇਨੇਬਲ ਡਿਵੈਲਪਮੈਂਟ’ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਦੇਖ—ਰੇਖ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਗਈ। ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਐਨ. ਆਈ. ਟੀ. ਜਲੰਧਰ ਡਾਇਰੈਕਟਰ ਪ੍ਰੋ. (ਡਾ.) ਬਿਨੋਦ ਕੁਮਾਰ ਕਨੌਜੀਆ ਨੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ।

ਇਸ ਮੌਕੇ ਡਾ. ਮੰਜੂ ਬਾਲਾ ਨੇ ਜਲਵਾਯੂ ਪਰਿਵਰਤਨ ਦੀ ਗੰਭੀਰ ਵਿਸ਼ਵਵਿਆਪੀ ਚੁਣੌਤੀ ’ਤੇ ਜ਼ੋਰ ਦਿੰਦਿਆਂ ਸਮੂੰਹ ਭਾਗੀਦਾਰਾਂ ਨੂੰ ਇਕ ਟਿਕਾਊ ਗ੍ਰਹਿ ਪ੍ਰਤੀ ਇਕ ਅਰਥਪੂਰਨ ਨਿੱਜੀ ਯੋਗਦਾਨ ਵਜੋਂ ‘ਇਕ ਰੁੱਖ ਅਪਨਾਉਣ’ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਨਵੀਨਤਾ ਨੂੰ ਉਤਸ਼ਾਹਿਤ ਕਰਨ ’ਚ ਅਕਾਦਮਿਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਇਸ ਮੌਕੇ ਸ੍ਰੀ ਰੋਹਨਪ੍ਰੀਤ ਸਿੰਘ ਨੇ ਰਾਊਂਡ ਟ੍ਰੀ ਫਾਊਂਡੇਸ਼ਨ ਪਹਿਲਕਦਮੀ ਦੀ ਨੁਮਾਇੰਦਗੀ ਕਰਦਿਆਂ ਪ੍ਰੇਰਣਾਦਾਇਕ ਭਾਸ਼ਣ ’ਚ ਵਿਦਿਆਰਥੀਆਂ ਨੂੰ ਟਿਕਾਊ ਅਭਿਆਸਾਂ ਨੂੰ ਅਪਨਾਉਣ ਅਤੇ ਸਮਾਜ ਭਲਾਈ ’ਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਜਦਕਿ ਪ੍ਰੋ. (ਡਾ.) ਕਨੌਜੀਆ ਨੇ ਕਾਲਜ ਦੀ ਅਜਿਹੀ ਸਾਰਥਿਕਤਾ ਵਾਲੀ ਕਾਨਫਰੰਸ ਦੀ ਮੇਜ਼ਬਾਨੀ ਕਰਨ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਐਨ. ਸੀ. ਥ੍ਰੀ. ਐਸ. ਡੀ. ਵਰਗੇ ਪਲੇਟਫਾਰਮ ਵਿਦਿਆਰਥੀਆਂ ਨੂੰ ਸਹਿਯੋਗੀ ਖੋਜ ਨੂੰ ਅਗਾਂਹ ਵਧਾਉਣ ਲਈ ਅਵਸਰ ਪ੍ਰਦਾਨ ਕਰਦੇ ਹਨ, ਜਿਸ ’ਚ ਐਨ. ਆਈ. ਟੀ. ਵਰਗੀਆਂ ਸੰਸਥਾਵਾਂ ਨਾਲ ਅਕਾਦਮਿਕ ਸ਼ਮੂਲੀਅਤ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਦਾ ਐਨ. ਆਈ. ਟੀ. ਵਿਖੇ ਪ੍ਰਯੋਗਸ਼ਾਲਾ ਸਹੂਲਤਾਂ ਤੱਕ ਪਹੁੰਚ ਅਤੇ ਵਰਤੋਂ ਕਰਨ ਲਈ ਸਵਾਗਤ ਹੈ।

ਇਸ ਮੌਕੇ ਤਕਨੀਕੀ ਸੈਸ਼ਨਾਂ ਨੂੰ ਐਨ. ਆਈ. ਟੀ. ਦਿੱਲੀ ਦੇ ਪ੍ਰੋ. (ਡਾ.) ਜਯੋਤੀਸ਼ ਮਲਹੋਤਰਾ ਅਤੇ ਆਈ. ਆਈ. ਟੀ. ਰੁੜਕੀ ਦੇ ਡਾ. ਵਰੁਣ ਸ਼ਰਮਾ ਦੇ ਮੁੱਖ ਭਾਸ਼ਣਾਂ ਨਾਲ ਸ਼ੁਰੂ ਕੀਤਾ ਗਿਆ, ਜਿਨ੍ਹਾਂ ਨੇ ਉੱਨਤ ਸੰਚਾਰ ਨੈਟਵਰਕ, ਟਿਕਾਊ ਤਕਨਾਲੋਜੀਆਂ, ਵਿਆਖਿਆਯੋਗ ਅਤੇ ਜ਼ਿੰਮੇਵਾਰ ਏ. ਆਈ., ਜਲਵਾਯੂ ਅਨੁਕੂਲਨ ਅਤੇ ਅਸਲ ਸੰਸਾਰ ਇੰਜੀਨੀਅਰਿੰਗ ਦਖਲਅੰਦਾਜ਼ੀ ਸਬੰਧੀ ਜ਼ਰੂਰੀ ਮਹੱਤਵਪੂਰਨ ਫੈਸਲਾ ਲੈਣ ਵਾਲੇ ਢਾਂਚੇ ’ਤੇ ਚਰਚਾ ਕੀਤੀ। ਇਸ ਕਾਨਫਰੰਸ ’ਚ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ, ਆਫ਼ਤ ਪ੍ਰਬੰਧਨ, ਸਿਹਤ ਸੰਭਾਲ, ਸਮਾਜਿਕ ਜ਼ਿੰਮੇਵਾਰੀਆਂ ਕਈ ਥੀਮੈਟਿਕ ਟਰੈਕ ਤੋਂ ਇਲਾਵਾ ‘ਕੀ ਅਸੀਂ ਆਪਣੀ ਖੁਦ ਦੀ ਆਫ਼ਤ ਨੂੰ ਇੰਜੀਨੀਅਰ ਕਰ ਰਹੇ ਹਾਂ’ ਵਿਸ਼ੇ ’ਤੇ ਵਿਸ਼ੇਸ਼ ਟਰੈਕ ਸ਼ਾਮਿਲ ਕੀਤਾ ਗਿਆ।

ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਕਾਨਫਰੰਸ ਸਬੰਧੀ ਦੇਸ਼ ਭਰ ਤੋਂ 120 ਖੋਜ ਪੱਤਰ ਪ੍ਰਾਪਤ ਹੋਏ, ਜਿਨ੍ਹਾਂ ’ਚੋਂ 50 ਕਾਨਫਰੰਸ ਦੀ ਕਾਰਵਾਈ ਲਈ ਚੁਣੇ ਗਏ। ਉਨ੍ਹਾਂ ਕਿਹਾ ਕਿ ਕਾਨਫਰੰਸ ’ਚ ਐਨ. ਆਈ. ਟੀ. ਦਿੱਲੀ, ਐਨ. ਆਈ. ਟੀ. ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜੀ. ਐਨ. ਡੀ. ਯੂਨੀਵਰਸਿਟੀ ਕਾਲਜ ਪਠਾਨਕੋਟ, ਡੀ. ਏ. ਵੀ. ਯੂਨੀਵਰਸਿਟੀ ਜਲੰਧਰ ਅਤੇ ਪੂਰਨਿਮਾ ਯੂਨੀਵਰਸਿਟੀ ਜੈਪੁਰ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਸਰਵੋਤਮ ਪੇਪਰ, ਸਰਵੋਤਮ ਪੋਸਟਰ, ਸਰਵੋਤਮ ਤਕਨਾਲੋਜੀ ਵਿਕਾਸ, ਸਰਵੋਤਮ ਟਿਕਾਊ ਵਿਕਾਸ ਅਤੇ ਸਰਵੋਤਮ ਸਮਾਜਿਕ ਪ੍ਰਭਾਵ ਸਮੇਤ ਪੁਰਸਕਾਰ ਦਿੱਤੇ ਗਏ।

ਇਸ ਮੌਕੇ ਟੀਚਕੈਡ ਸੰਸਥਾਪਕ ਸ੍ਰੀ ਗੌਰਵ ਵੱਲੋਂ ਆਯੋਜਿਤ ਰੋਬੋਟਿਕਸ ਵਰਕਸ਼ਾਪ ਦੇ ਨਾਲ—ਨਾਲ ਆਈ. ਆਈ. ਟੀ. ਰੁੜਕੀ ਦੇ ਇਨਕਿਊਬੇਸ਼ਨ ਮੁਖੀ ਦੀ ਅਗਵਾਈ ’ਚ ਇਨਕਿਊਬੇਸ਼ਨ ਸੈਸ਼ਨਾਂ ਨੇ ਭਾਗੀਦਾਰਾਂ ਨੂੰ ਮਹੱਤਵਪੂਰਨ ਅਨੁਭਵ ਨਾਲ ਜੋੜਿਆ। ਇਸ ਮੌਕੇ ਟਿਕਾਊ ਹੱਲਾਂ ’ਤੇ ਪ੍ਰੋਜੈਕਟ ਪ੍ਰਦਰਸ਼ਨੀ ਨੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ, ਜਦਕਿ ਜ਼ੀਰੋ ਵਹੀਕਲ ਐਮੀਸ਼ਨ ਮਾਡਲ ਨੇ ਹਰੀ ਗਤੀਸ਼ੀਲਤਾ ਸਬੰਧੀ ਇਸਦੀ ਤਕਨੀਕੀ ਸਾਰਥਿਕਤਾ ਲਈ ਸਰਵੋਤਮ ਪ੍ਰੋਜੈਕਟ ਪੁਰਸਕਾਰ ਪ੍ਰਾਪਤ ਕੀਤਾ।

ਇਸ ਦੌਰਾਨ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. (ਡਾ.) ਅਜੈ ਕੇ. ਸ਼ਰਮਾ, ਡਾਇਰੈਕਟਰ, ਐਨ. ਆਈ. ਟੀ. ਦਿੱਲੀ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. (ਡਾ.) ਗੀਤਾ ਸਿੱਕਾ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਐਨ. ਆਈ. ਟੀ. ਦਿੱਲੀ, ਗੈਸਟ ਆਫ਼ ਆਨਰ ਅਤੇ ਕਾਨਫਰੰਸ ਚੇਅਰ) ਅਤੇ ਡਾ. ਅਨੁਰਾਗ ਸਿੰਘ (ਐਸੋਸੀਏਟ ਪ੍ਰੋਫੈਸਰ, ਐਨ. ਆਈ. ਟੀ. ਦਿੱਲੀ, ਅਤੇ ਕਾਨਫਰੰਸ ਕਨਵੀਨਰ) ਵੀ ਸ਼ਾਮਿਲ ਸਨ। ਇਸ ਮੌਕੇ ਡਾ. ਸ਼ਰਮਾ ਨੇ ਪ੍ਰਦਰਸ਼ਿਤ ਵਿਦਿਆਰਥੀ ਪ੍ਰੋਜੈਕਟਾਂ ਦੀ ਵਿਦਵਤਾਪੂਰਨ ਯੋਗਤਾ ਅਤੇ ਨਵੀਨਤਾਕਾਰੀ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਐਨ. ਆਈ. ਟੀ. ਦਿੱਲੀ ਪੇਟੈਂਟ ਫਾਈਲਿੰਗ ਲਈ ਅਕਾਦਮਿਕ ਅਤੇ ਵਿੱਤੀ ਸਹਾਇਤਾ ਦੇਣ ਲਈ ਤਿਆਰ ਹੈ ਅਤੇ ਇਸ ਦੇ ਨਾਲ ਉਨ੍ਹਾਂ ਪ੍ਰੋਜੈਕਟ ਐਗਜ਼ੀਕਿਊਸ਼ਨ ਲਈ ਮਾਰਗਦਰਸ਼ਨ ਦੇ ਨਾਲ—ਨਾਲ ਵਿਦਿਆਰਥੀ ਨਵੀਨਤਾਵਾਂ ਲਈ ਫੰਡਿੰਗ ਦੀ ਸਹੂਲਤ ਦਾ ਵੀ ਭਰੋਸਾ ਦਿੱਤਾ।

ਇਸ ਸਮਾਗਮ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਯੂਨੀਵਰਸਿਟੀ ਦੇ ਆਈ. ਟੀ. ਕੈਂਪਸ ਵਿਖੇ ਵੱਖ—ਵੱਖ ਐਨ. ਆਈ. ਟੀ. ਅਤੇ ਆਈ. ਆਈ. ਟੀ. ਦੇ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਲਾਰਸਨ ਐਂਡ ਟੂਬਰੋ ਦੇ ਸਹਿਯੋਗ ਨਾਲ ਏਕੀਕ੍ਰਿਤ ਇੰਜੀਨੀਅਰਿੰਗ ਪ੍ਰੋਗਰਾਮ ਪੇਸ਼ ਕੀਤੇ ਗਏ ਹਨ। ਉਨ੍ਹਾਂ ਨੇ ਕਾਲਜ ਦੀ ਰਾਸ਼ਟਰੀ ਪੱਧਰ ਦੀਆਂ ਤਕਨੀਕੀ ਸੰਸਥਾਵਾਂ ਜਿਵੇਂ ਕਿ ਆਈਆਈਟੀ ਅਤੇ ਐਨਆਈਟੀ ਨਾਲ ਮਜ਼ਬੂਤ ਸਹਿਯੋਗੀ ਈਕੋਸਿਸਟਮ ਬਣਾਉਣ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਐਨਆਈਟੀ ਦਿੱਲੀ ਰਜਿਸਟਰਾਰ ਪ੍ਰੋ. (ਡਾ.) ਹਿਤੇਸ਼, ਸ੍ਰੀ ਰਾਜੀਵ ਸ਼ਰਮਾ, ਇੰਜੀਨੀਅਰ ਕਰਨਬੀਰ ਸਿੰਘ ਮੌਜੂਦ ਸਨ।

Related posts

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

admin

ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

admin

ਸੰਘਰਸ਼ ਕਮੇਟੀ ਤਲਵੰਡੀ ਸਾਬੋ ਮੋਰਚਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ

admin