Punjab Women's World

‘ਔਰਤਾਂ ਦੀ ਵਚਨਬੱਧਤਾ ਨੇ ਯਕੀਨੀ ਬਣਾਇਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੇਰੇ ਮੌਕੇ ਤੇ ਸਮਾਨਤਾ ਵਾਲਾ ਸੰਸਾਰ ਮਿਲੇ’

ਡਾ. ਮੰਜੂ ਬਾਲਾ ਨੇ ਪਰਿਵਾਰਾਂ, ਭਾਈਚਾਰਿਆਂ ਅਤੇ ਸੱਭਿਅਤਾਵਾਂ ਨੂੰ ਆਕਾਰ ਦੇਣ ’ਚ ਔਰਤਾਂ ਦੀ ਲਾਜ਼ਮੀ ਭੂਮਿਕਾ ’ਤੇ ਜ਼ੋਰ ਦਿੱਤਾ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਦੂਜਾ ਰਾਸ਼ਟਰੀ ਮਹਿਲਾ ਸੰਮੇਲਨ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਇਸ ਸਮਾਗਮ ਮੌਕੇ ਸਮਾਜ ’ਚ ਔਰਤਾਂ ਦੀ ਵਿਕਸਿਤ ਹੋ ਰਹੀ ਭੂਮਿਕਾ ਬਾਰੇ ਚਰਚਾ ਕਰਨ ਲਈ ਵੱਖ-ਵੱਖ ਸੰਸਥਾਵਾਂ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਕਤ ਕਾਨਫਰੰਸ ਔਰਤਾਂ ਸੱਭਿਆਚਾਰਕ ਪ੍ਰੰਪਰਾਵਾਂ ਦੀ ਸੰਭਾਲ ਦੇ ਨਾਲ ਤਕਨਾਲੋਜੀ ’ਚ ਆਪਣੀਆਂ ਭੂਮਿਕਾਵਾਂ ਨੂੰ ਕਿਵੇਂ ਜੋੜ ਸਕਦੀਆਂ ਹਨ ’ਤੇ ਕੇਂਦ੍ਰਿਤ ਸੀ।

ਇਸ ਕਾਨਫਰੰਸ ਦਾ ਅਗਾਜ਼ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ ਅਤੇ ਇਸ ਦੇ ਬਾਅਦ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਉਪਰੰਤ ਡਾਇਰੈਕਟਰ ਡਾ. ਬਾਲਾ ਵੱਲੋਂ ਮੁੱਖ ਮਹਿਮਾਨ ਡਾ. ਪਮਿਤਾ ਅਵਸਥੀ (ਐਸੋਸੀਏਟ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਐਨ. ਆਈ. ਟੀ., ਹਮੀਰਪੁਰ, ਨੋਡਲ ਅਫਸਰ, ਸੀ. ਐਮ. ਸਟਾਰਟ-ਅੱਪ ਪ੍ਰੋਜੈਕਟ, ਹਿਮਾਚਲ ਪ੍ਰਦੇਸ਼) ਅਤੇ ਮੁੱਖ ਬੁਲਾਰੇ ਐਡਵੋਕੇਟ ਸ੍ਰੀਮਤੀ ਹਰਲੀਨ ਕੌਰ (ਮੈਂਬਰ, ਕਾਨੂੰਨੀ ਸੇਵਾਵਾਂ ਅਥਾਰਟੀ, ਸਖੀ ਵਨ ਸਟਾਪ ਸੈਂਟਰ, ਜਲੰਧਰ) ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਡਾ. ਮੰਜੂ ਬਾਲਾ ਨੇ ਪਰਿਵਾਰਾਂ, ਭਾਈਚਾਰਿਆਂ ਅਤੇ ਸੱਭਿਅਤਾਵਾਂ ਨੂੰ ਆਕਾਰ ਦੇਣ ’ਚ ਔਰਤਾਂ ਦੀ ਲਾਜ਼ਮੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿੱਖਿਅਕਾਂ, ਵਿਗਿਆਨੀਆਂ, ਉੱਦਮੀਆਂ ਅਤੇ ਦੇਖਭਾਲ ਕਰਨ ਵਾਲਿਆਂ ਵਜੋਂ ਔਰਤਾਂ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਸਮਾਜਿਕ ਤਰੱਕੀ ਨੂੰ ਕਿਵੇਂ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਅਟੱਲ ਵਚਨਬੱਧਤਾ ਨੇ ਇਹ ਯਕੀਨੀ ਬਣਾਇਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੇਰੇ ਮੌਕੇ ਅਤੇ ਸਮਾਨਤਾ ਵਾਲਾ ਸੰਸਾਰ ਮਿਲੇ। ਉਨ੍ਹਾਂ ਕਿਹਾ ਕਿ ਔਰਤਾਂ ਨੇ ਆਧੁਨਿਕ ਤਰੱਕੀ ਨੂੰ ਅਪਨਾਉਂਦੇ ਹੋਏ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸਫਲਤਾਪੂਰਵਕ ਸੁਰੱਖਿਅਤ ਰੱਖਿਆ ਹੈ।

ਇਸ ਮੌਕੇ ਐਡਵੋਕੇਟ ਹਰਲੀਨ ਕੌਰ ਨੇ ਭਾਰਤੀ ਨਾਰੀਵਾਦ ਦੇੇ ਇਤਿਹਾਸਕ ’ਤੇ ਚਾਨਣਾ ਪਾਉਂਦਿਆਂ ਰਾਜਨੀਤੀ, ਸਿੱਖਿਆ ਅਤੇ ਰੁਜ਼ਗਾਰ ’ਚ ਔਰਤਾਂ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਲਿੰਗ-ਅਧਾਰਿਤ ਹਿੰਸਾ, ਵਿਤਕਰਾ ਅਤੇ ਉਜਰਤ ਅਸਮਾਨਤਾ ਵਰਗੀਆਂ ਪ੍ਰਮੁੱਖ ਚੁਣੌਤੀਆਂ ਦੇ ਨਾਲ-ਨਾਲ ਇਨ੍ਹਾਂ ਪਾੜੇ ਨੂੰ ਪੂਰਾ ਕਰਨ ’ਚ ਹੋਈ ਤਰੱਕੀ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਲਪਨਾ ਚਾਵਲਾ, ਕਿਰਨ ਮਜ਼ੂਮਦਾਰ-ਸ਼ਾਅ ਅਤੇ ਫਾਲਗੁਨੀ ਨਾਇਰ ਵਰਗੇ ਮਹਾਨ ਹਸਤੀਆਂ ਦਾ ਪ੍ਰਦਰਸ਼ਨ ਕਰਦਿਆਂ ਐਸ. ਟੀ. ਈ. ਐਮ. ਉੱਦਮਤਾ ਅਤੇ ਸ਼ਾਸਨ ’ਚ ਔਰਤਾਂ ਦੀ ਭੂਮਿਕਾ ਦਾ ਜਸ਼ਨ ਮਨਾਇਆ ਗਿਆ ਹੈ। ਸੈਸ਼ਨ ’ਚ ਸੰਵਿਧਾਨਕ ਅਧਿਕਾਰਾਂ, ਕਾਨੂੰਨੀ ਸੁਰੱਖਿਆ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਲਿੰਗ ਸਮਾਨਤਾ ਅਤੇ ਸਮਾਜਿਕ ਤਰੱਕੀ ਲਈ ਨਿਰੰਤਰ ਯਤਨਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਡਾ. ਅਵਸਥੀ ਨੇ ਕਿਹਾ ਕਿ ਔਰਤਾਂ ਨੇ ਤਕਨਾਲੋਜੀ, ਇੰਜੀਨੀਅਰਿੰਗ ਅਤੇ ਵਿੱਤ ’ਚ ਲਗਾਤਾਰ ਰੁਕਾਵਟਾਂ ਨੂੰ ਤੋੜਦਿਆਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਸ਼ਕਤ ਬਣਾਉਣ ਨਾਲ ਮਜ਼ਬੂਤ ਭਾਈਚਾਰਿਆਂ ਅਤੇ ਵਧੇਰੇ ਪ੍ਰਗਤੀਸ਼ੀਲ ਰਾਸ਼ਟਰ ਦੀ ਅਗਵਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਸ਼ਕਤੀਕਰਨ ਸਿੱਖਿਆ ਦੇ ਨਾਲ ਆਉਂਦਾ ਹੈ ਅਤੇ ਨਵੀਂ ਪੀੜ੍ਹੀ ਦੇ ਵਿਚਾਰਾਂ ’ਚ ਪ੍ਰਤੀਬਿੰਬਤ ਹੁੰਦਾ ਹੈ।

ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਕਾਨਫਰੰਸ ’ਚ ਕਾਲਜ ਸਮੇਤ ਚੀਫ਼ ਖ਼ਾਲਸਾ ਦੀਵਾਨ, ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ, ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ, ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼, ਮਨੀਪਾਲ ਯੂਨੀਵਰਸਿਟੀ, ਜੈਪੁਰ ਆਦਿ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਿੱਖਿਆ ਸ਼ਾਸਤਰੀਆਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਦੇ 50 ਖੋਜ ਪੱਤਰ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਸਮਾਪਤੀ ਸੈਸ਼ਨ ਦੌਰਾਨ ਮਹਿਲਾ ਸਿੱਖਿਆ ਸ਼ਾਸਤਰੀਆਂ ਦੀਆਂ ਅਣਥੱਕ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਅਤੇ ਨਿਰਸਵਾਰਥ ਸਮਰਪਣ ਦੀ ਹਾਮੀ ਭਰਨ ਵਾਲੀਆਂ ਡਾ. ਤੇਜਿੰਦਰ ਕੌਰ (ਸਹਾਇਕ ਪ੍ਰੋਫੈਸਰ, ਜ਼ੂਆਲੋਜੀ ਵਿਭਾਗ, ਡੀਏਵੀ ਯੂਨੀਵਰਸਿਟੀ, ਜਲੰਧਰ), ਸ੍ਰੀਮਤੀ ਜਸਦੀਪ ਕੌਰ (ਸਹਾਇਕ ਪ੍ਰੋਫੈਸਰ, ਕੰਪਿਊਟਰ ਐਪਲੀਕੇਸ਼ਨ ਵਿਭਾਗ, ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਜਲੰਧਰ), ਇੰਜ: ਤੇਜਿੰਦਰ ਸ਼ਰਮਾ (ਐਸੋਸੀਏਟ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ, ਅੰਮ੍ਰਿਤਸਰ ਗਰੁੱਪ ਆਫ ਇੰਸਟੀਚਿਊਟਸ, ਅੰਮ੍ਰਿਤਸਰ), ਸ੍ਰੀਮਤੀ ਸੰਦੀਪ ਕੌਰ (ਐਚਓਡੀ, ਅਪਲਾਈਡ ਸਾਇੰਸਜ਼ ਵਿਭਾਗ, ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼, ਅੰਮ੍ਰਿਤਸਰ), ਸ੍ਰੀਮਤੀ ਅੰਜੂ ਅਰੋੜਾ (ਟੀਜੀਟੀ, ਸੁਪਰਵਾਈਜ਼ਰ, ਡੀਏਵੀ ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ) ਅਤੇ ਇੰਜ਼: ਲਵਲੀਨ ਕੌਰ (ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਮੇਜ਼ਬਾਨ ਕਾਲਜ) ਆਦਿ ਔਰਤਾਂ ਨੂੰ ‘ਡੈਡੀਕੇਸ਼ਨ ਡਿਸਟਿੰਕਸ਼ਨ ਐਵਾਰਡ 2025’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਅਕਾਊਂਟਸ ਵਿਭਾਗ ਦੀ ਕਲਰਕ ਸ੍ਰੀਮਤੀ ਹਿਨਾ ਬਾਗਲਾ ਨੂੰ ਬੇਮਿਸਾਲ ਵਚਨਬੱਧਤਾ, ਕੁਸ਼ਲਤਾ ਅਤੇ ਕੰਮ ਪ੍ਰਤੀ ਸਮਰਪਣ ਲਈ ‘ਦ ਸਪਾਰਕ ਆਫ ਡੈਡੀਕੇਸ਼ਨ ਐਵਾਰਡ 2025’ ਨਾਲ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਗੁਰਸਾਹਿਬਾ ਕੌਰ, ਪੂਜਾ ਸ਼ਰਮਾ ਅਤੇ ਡਾ. ਜਸਲੀਨ ਕੌਰ ਵੱਲੋਂ ਪੇਸ਼ ਕੀਤੇ ਗਏ ‘ਲੀਡਿੰਗ ਦ ਵੇਅ ਫਾਰਵਰਡ’ ਨਾਮਕ ਪੇਪਰ ਨੂੰ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਦਾ ਪੁਰਸਕਾਰ ਦਿੱਤਾ ਗਿਆ। ਦੋ ਪੋਸਟਰ ਪੇਸ਼ਕਾਰੀਆਂ ਨੂੰ ਸਰਵੋਤਮ ਪੋਸਟਰ ਪੇਸ਼ਕਾਰੀ ਵਜੋਂ ਸਨਮਾਨਿਤ ਕੀਤਾ ਗਿਆ ਜਿਵੇਂ ਕਿ ਸੰਗੀਤਾ ਕੁਮਾਰੀ, ਡਾ. ਰਿਪਿਨ ਕੋਹਲੀ, ਮੋਕਰਮ ਸ਼ਾਹਬਾਨ ਵੱਲੋਂ ਪੇਸ਼ ਕੀਤਾ ਗਿਆ ਪੇਪਰ ‘ਦਿ ਇਨੋਵੇਸ਼ਨ ਪੈਰਾਡੌਕਸ ਵੂਮੈਨ, ਟੈਕਨਾਲੋਜੀ ਐਂਡ ਦ ਪੋਲੀਟੀਕਲ ਗੇਮ’ ਅਤੇ ਪ੍ਰਭਜੋਤ ਕੌਰ, ਨਾਜ਼ਪ੍ਰੀਤ ਕੌਰ, ਡਾ. ਰਿਪਿਨ ਕੋਹਲੀ ਦੁਆਰਾ ‘ਵੂਮੈਨ ਇਨ ਕੋਪੋਰੇਟ ਵਰਲਡ: ਪ੍ਰੋਗਰੈਸ, ਚੈਲੇਂਜਸ ਐਂਡ ਸਕਸੈਸ ਸਟੋਰੀਜ਼’ ਸਿਰਲੇਖ ਵਾਲੇ ਪੇਪਰ ਪੇਸ਼ ਕੀਤੇ ਗਏ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ: ਜਥੇਦਾਰ ਗਿਆਨੀ ਰਘਬੀਰ ਸਿੰਘ

admin

ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ: ਦਲ ਖਾਲਸਾ

admin