ਅੰਮ੍ਰਿਤਸਰ – ਖਾਲਸਾ ਕਾਲਜ ਦੀ ਇੰਟਰਨਲ ਕੰਪਲੇਂਟਸ ਕਮੇਟੀ ਵੱਲੋਂ 24 ਘੰਟੇ ਟੋਲ ਫ੍ਰੀ ਮਹਿਲਾ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਮੁੱਖ ਬੁਲਾਰੇ ਵਜੋਂ ਡਾ. ਰਜਨੀ ਹਾਂਡਾ, ਐੱਮ. ਡੀ. ਐੱਸ. ਦੰਦਾਂ ਦੇ ਡਾਕਟਰ ਨੇ ਸ਼ਿਰਕਤ ਕੀਤੀ। ਪ੍ਰੀਜ਼ਾਈਡਿੰਗ ਅਫ਼ਸਰ ਡਾ. ਏ. ਕੇ. ਕਾਹਲੋਂ ਦੀ ਨਿਗਰਾਨੀ ਹੇਠ ਕਰਵਾਏ ਉਕਤ ਪ੍ਰੋਗਰਾਮ ਦੌਰਾਨ ਕਮੇਟੀ ਨੇ ਔਰਤਾਂ ਦੀ ਸੁਰੱਖਿਆ ਸਬੰਧੀ 24&7 ਟੋਲ ਫ੍ਰੀ ਮਹਿਲਾ ਹੈਲਪਲਾਈਨ ਨੰਬਰ 1800-180-2188 ਦੀ ਸ਼ੁਰੂਆਤ ਕੀਤੀ।
ਇਸ ਮੌਕੇ ਡਾ. ਕਾਹਲੋਂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਹੈਲਪਲਾਈਨ ਨੰਬਰ ਮੁਸੀਬਤ ’ਚ ਫਸੀਆਂ ਔਰਤਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਅਤੇ ਸਬੰਧਿਤ ਅਧਿਕਾਰੀਆਂ, ਹਸਪਤਾਲਾਂ ਅਤੇ ਕਾਨੂੰਨੀ ਸੇਵਾਵਾਂ ਨਾਲ ਜੋੜ ਕੇ ਔਨਲਾਈਨ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਔਰਤਾਂ ਨੂੰ ਹਿੰਸਾ ਅਤੇ ਪ੍ਰੇਸ਼ਾਨੀ ਤੋਂ ਬਚਾਉਣਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਉਣਾ ਹੈ।
ਇਸ ਮੌਕੇ ਡਾ. ਹਾਂਡਾ ਨੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਔਰਤਾਂ ਦੀਆਂ ਪ੍ਰੇਸ਼ਾਨੀ ਨੂੰ ਰੋਕਣ ਦੇ ਵੱਖ-ਵੱਖ ਤਰੀਕਿਆਂ ਦੀ ਸਿਫ਼ਾਰਸ਼ ਵੀ ਕੀਤੀ। ਇਸ ਮੌਕੇ ਸ੍ਰੀ ਮੁਨੀਸ਼ ਰਾਮਪਾਲ ਅਤੇ ਸ: ਗੁਰਜੀਤ ਸਿੰਘ ਰੰਧਾਵਾ ਜੇ. ਟੀ. ਓ., ਬੀ. ਐੱਸ. ਐੱਨ. ਐੱਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ (ਡੀਨ ਅਕਾਦਮਿਕ ਮਾਮਲੇ), ਰਜਿਸਟਰਾਰ ਸ: ਦਵਿੰਦਰ ਸਿੰਘ, ਡਾ. ਸਵਰਾਜ ਕੌਰ (ਡੀਨ ਵਿਦਿਆਰਥੀ ਭਲਾਈ), ਡਾ. ਗੀਤਿੰਦਰ ਮਾਨ, ਸ੍ਰੀਮਤੀ ਸੁਖਪ੍ਰੀਤ ਕੌਰ, ਸ੍ਰੀਮਤੀ ਕਮਲਜੀਤ ਕੌਰ, ਡਾ. ਨਿਧੀ ਸੱਭਰਵਾਲ, ਸ੍ਰੀਮਤੀ ਮੀਨੂ ਚੋਪੜਾ, ਡਾ. ਜਸਦੀਪ ਕੌਰ, ਸ੍ਰੀਮਤੀ ਅਨਿੰਦਿਤਾ ਕੌਰ ਕਾਹਲੋਂ, ਐਡਵੋਕੇਟ ਆਰ. ਐਸ. ਮਾਹਲ (ਸਹਿ-ਆਪਟਿੰਗ ਮੈਂਬਰ), ਡਾ. ਸਾਕਸ਼ੀ ਸ਼ਰਮਾ, ਡਾ. ਸਾਮੀਆ, ਡਾ. ਅਮਰਬੀਰ ਸਿੰਘ ਭੱਲਾ ਮੌਜੂਦ ਸਨ।