ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਦਰਸ਼ਨ ਦੀਦਾਰਿਆਂ ਲਈ ਅੱਜ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨੀ ਸਿੱਖਾਂ ਵੱਲੋਂ ਗੁਲਾਬ ਦੇ ਫੁੱਲਾਂ ਦੇ ਹਾਰ ਗਲੇ ‘ਚ ਪਾ ਕੇ ਸਰਹੱਦ ‘ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਅਤੇ ਐਮਪੀਏ ਸਰਦਾਰ ਰਮੇਸ਼ ਸਿੰਘ ਅਰੋੜਾ, ਡਾ ਮਹੀਪਾਲ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਅੱਜ ਇਕ ਵਾਰ ਫਿਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਸਰਕਾਰ ਵੱਲੋਂ ਖੋਲ੍ਹਣ ‘ਤੇ ਉਹ ਭਾਰਤੀ ਸਿੱਖ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਨ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਲਾਂਘਾ ਹੁਣ ਲਗਾਤਾਰ ਖੁੱਲ੍ਹਣਾ ਚਾਹੀਦਾ ਹੈ।
ਭਾਰਤ ਤੋਂ ਅੱਜ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨੂੰ ਜਿੱਥੇ ਜੀਅ ਆਇਆ ਪਾਕਿਸਤਾਨੀ ਸਿੱਖਾਂ ਨੇ ਕਿਹਾ ਉਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਵੱਲੋਂ ਅਰਦਾਸ ਬੇਨਤੀ ਕਰਕੇ ਆਈਆਂ ਸੰਗਤਾਂ ਵੱਲੋਂ ਗੁਰੂ ਨਾਨਕ ਦੇ ਭਾਸ਼ਾ ਦੇ ਚਰਨਾਂ ਚ ਹਾਜ਼ਰੀ ਲਗਵਾਈ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਪਹਿਲਾਂ ਦੀ ਤਰ੍ਹਾਂ ਭਾਰਤੀ ਸਿੱਖ ਸ਼ਰਧਾਲੂ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮੀਂ ਚਾਰ ਵਜੇ ਤਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਰੁਕੇ ਤੇ ਸ਼ਾਮ ਨੂੰ ਇਸ ਰਸਤੇ ਆਪਣੇ ਵਤਨ ਪਰਤ ਆਏ।