Articles

ਕਰ ਲੈ ਕਿਤਾਬ ਭੇਂਟ !

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਪੰਜਾਬ ਪੁਲਿਸ ਵਿੱਚ ਕਈ ਵਾਰ ਕੋਈ ਮੁਲਾਜ਼ਮ ਆਪਣੇ ਵੱਲੋਂ ਸਹੀ ਕੰਮ ਕਰਦਾ ਹੈ ਪਰ ਉਹ ਪੁੱਠਾ ਪੈ ਜਾਂਦਾ ਹੈ। ਪਿਛਲੇ ਦਿਨੀਂ ਕਈ ਖਬਰਾਂ ਆਈਆਂ ਹਨ ਕਿ ਕਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਗਈ ਪੁਲਿਸ ‘ਤੇ ਕਿਡਨੀਆਂ ਕੱਢਣ ਦੀ ਅਫਵਾਹ ਕਾਰਨ ਪਥਰਾਉ ਹੋ ਗਿਆ। ਛੇ ਕੁ ਮਹੀਨੇ ਪਹਿਲਾਂ ਇੱਕ ਵੀਡੀਉ ਵਾਇਰਲ ਹੋਈ ਸੀ ਜਿਸ ਵਿੱਚ ਹਰਿਆਣੇ ਦੇ ਇੱਕ ਪਿੰਡ ਵਿਖੇ ਨਸ਼ੀਲੇ ਪਦਾਰਥ ਪਕੜਨ ਗਈ ਬਠਿੰਡੇ ਦੀ ਪੁਲਿਸ ਪਾਰਟੀ ਦੀ ਬੁਰੀ ਤਰਾਂ ਨਾਲ ਮਾਰ ਕੁਟਾਈ ਹੋਈ ਸੀ। ਕਈ ਸਾਲ ਪਹਿਲਾਂ ਇੱਕ ਜਿਲ੍ਹੇ ਵਿੱਚ ਤਾਇਨਾਤ ਪੁਲਿਸ ਕਪਤਾਨ ਬਹੁਤ ਹੀ ਸਖਤ, ਖੁਸ਼ਕ ਅਤੇ ਪੁਲਿਸ ਰੂਲਾਂ ਦੇ ਮੁਤਾਬਕ ਚੱਲਣ ਵਾਲਾ ਇਨਸਾਨ ਸੀ ਤੇ ਉਸ ਦੀ ਕੋਮਲ ਕਲਾਵਾਂ ਪ੍ਰਤੀ ਕੋਈ ਖਾਸ ਰੁੱਚੀ ਨਹੀਂ ਸੀ। ਉਹ ਪੁਲਿਸ ਦੇ ਕੰਮ ਕਾਰ ਪ੍ਰਤੀ ਜਰੁਰਤ ਤੋਂ ਕੁਝ ਜਿਆਦਾ ਹੀ ਸਮਰਪਿਤ ਸੀ। ਸਾਰੇ ਜਿਲ੍ਹੇ ਦੀ ਪੁਲਿਸ ਉਸ ਤੋਂ ਇਸ ਤਰਾਂ ਚਲਦੀ ਸੀ ਜਿਵੇਂ ਕਾਂ ਗੁਲੇਲੇ ਤੋਂ। ਹਰ ਰੋਜ਼ ਥਾਣਿਆਂ ਦੇ ਮੁੱਖ ਅਫਸਰਾਂ ਤੋਂ ਕਾਰਕਰਦਗੀ ਰਿਪੋਰਟ ਲਈ ਜਾਂਦੀ ਸੀ। ਇਸ ਤੋਂ ਇਲਾਵਾ ਹਰ ਮਹੀਨੇ ਕਰਾਈਮ ਮੀਟਿੰਗ ਹੁੰਦੀ ਸੀ ਜੋ ਸਾਰਾ ਦਿਨ ਚੱਲਦੀ ਸੀ। ਜਿਹੜੇ ਐਸ. ਐਚ. ਉ. ਦੀ ਵਾਰੀ ਲੰਚ ਤੋਂ ਪਹਿਲਾਂ ਆ ਜਾਂਦੀ ਸੀ ਉਸ ਨੂੰ ਤਾਂ ਰੋਟੀ ਲੰਘ ਜਾਂਦੀ, ਪਰ ਬਾਕੀਆਂ ਨੂੰ ਪਾਣੀ ਵੀ ਜ਼ਹਿਰ ਵਰਗਾ ਲੱਗਦਾ ਸੀ। ਹਰੇਕ ਮੀਟਿੰਗ ਵਿੱਚ ਐਸ. ਐਚ. ਉ. ਨੂੰ ਦਸ ਪੰਦਰਾਂ ਕਾਰਨ ਦੱਸੋ ਨੋਟਿਸ ਮਿਲਣੇ ਆਮ ਜਿਹੀ ਗੱਲ ਸੀ। ਇੱਕ ਮਹੀਨੇ ਦੀ ਕਰਾਈਮ ਮੀਟਿੰਗ ਖਤਮ ਹੁੰਦੇ ਸਾਰ ਹੀ ਅਗਲੇ ਮਹੀਨੇ ਦੀ ਤਿਆਰੀ ਸ਼ੁਰੂ ਕਰ ਦੇਣੀ ਪੈਂਦੀ ਸੀ।
ਅਜਿਹੇ ਖੁਸ਼ਕ ਮਾਹੌਲ ਦੇ ਬਾਵਜੂਦ ਇੱਕ ਥਾਣੇਦਾਰ ਨੂੰ ਕਵਿਤਾ ਲਿਖਣ ਦਾ ਬੜਾ ਸ਼ੌਂਕ ਸੀ ਤੇ ਉਹ ਲਿਖਦਾ ਵੀ ਬਹੁਤ ਵਧੀਆ ਸੀ। ਉਹ ਗਾਹੇ ਬਗਾਹੇ ਆਪਣੇ ਸਾਥੀਆਂ ਨੂੰ ਕਵਿਤਾ ਸੁਣਾ ਕੇ ਪ੍ਰਸੰਸਾ ਹਾਸਲ ਕਰਦਾ ਰਹਿੰਦਾ ਸੀ। ਉਸ ਦੀਆਂ ਕਈ ਕਵਿਤਾਵਾਂ ਅਖਬਾਰਾਂ ਵਿੱਚ ਵੀ ਛਪ ਚੁੱਕੀਆਂ ਸਨ। ਉਤਸ਼ਾਹਿਤ ਹੋ ਕੇ ਉਸ ਨੇ ਕਿਤਾਬ ਪ੍ਰਕਾਸ਼ਿਤ ਕਰਾਉਣ ਦਾ ਮਨ ਬਣਾ ਲਿਆ। ਉਸ ਵੇਲੇ ਥਾਣੇਦਾਰ ਦੀ ਤਨਖਾਹ ਸਿਰਫ ਪੰਜ ਛੇ ਹਜ਼ਾਰ ਹੁੰਦੀ ਸੀ। ਪਰ ਆਪਣਾ ਸ਼ੌਂਕ ਪੂਰਾ ਕਰਨ ਲਈ ਉਸ ਨੇ ਯਾਰਾਂ ਦੋਸਤਾਂ ਤੋਂ ਪੈਸੇ ਉਧਾਰ ਪਕੜ ਕੇ ਕਿਤਾਬ ਛਪਵਾ ਹੀ ਲਈ। ਚਾਰ ਪੰਜ ਹਜ਼ਾਰ ਕਿਤਾਬ ਛਪਵਾਉਣ ਅਤੇ ਦੋ ਤਿੰਨ ਹਜ਼ਾਰ ਪਾਰਟੀਆਂ ‘ਤੇ ਲੱਗ ਗਿਆ। ਯਾਰਾਂ ਦੋਸਤਾਂ ਨੇ ਵਧਾਈਆਂ ਦਿੱਤੀਆਂ ਤਾਂ ਉਹ ਕੁਝ ਜਿਆਦਾ ਹੀ ਫੂਕ ਛਕ ਗਿਆ। ਉਸ ਨੇ ਕਪਤਾਨ ਨੂੰ ਕਿਤਾਬ ਭੇਂਟ ਕਰਨ ਦਾ ਮਨ ਬਣਾ ਲਿਆ। ਜਦੋਂ ਉਸ ਦੇ ਸਾਥੀ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਤਾਂ ਸਾਰੇ ਘਬਰਾ ਗਏ। ਉਨ੍ਹਾ ਨੇ ਉਸ ਨੂੰ ਬੜਾ ਸਮਝਾਇਆ ਕਿ ਇਸ ਕਪਤਾਨ ਦਾ ਕਵਿਤਾਵਾਂ ਆਦਿ ਨਾਲ ਕੋਈ ਸਬੰਧ ਨਹੀਂ ਹੈ। ਇਹ ਸਿਰਫ ਕਾਨੂੰਨ ਦੀਆਂ ਕਿਤਾਬਾਂ ਅਤੇ  ਮਿਸਲਾਂ (ਮੁਕੱਦਮਿਆਂ ਦੀਆਂ ਫਾਈਲਾਂ) ਹੀ ਪੜ੍ਹਨੀਆਂ ਪਸੰਦ ਕਰਦਾ ਹੈ, ਐਵੇਂ ਪੰਗਾ ਨਾ ਲੈ। ਪਰ ਉਸ ਦੇ ਸਿਰ ‘ਤੇ ਤਾਂ ਸ਼ਾਬਾਸ਼ ਲੈਣ ਦਾ ਭੂਤ ਸਵਾਰ ਹੋਇਆ ਪਿਆ ਸੀ। ਉਹ ਇੱਕ ਦਿਨ ਸਵੇਰੇ ਸਵੇਰ ਪ੍ਰੈਸ ਕੀਤੀ ਨਵੀਂ ਵਰਦੀ ਤੇ ਲਿਸ਼ਕਦੇ ਬੂਟ ਪਹਿਨ ਕੇ ਕਪਤਾਨ ਦੇ ਦਫਤਰ ਜਾ ਪਹੁੰਚਿਆ।
ਅਰਦਲੀ ਨੇ ਅੰਦਰ ਜਾ ਕੇ ਕਪਤਾਨ ਨੂੰ ਥਾਣੇਦਾਰ ਦੇ ਆਉਣ ਬਾਰੇ ਦੱਸਿਆ। ਕਪਤਾਨ ਰੁੱਝਿਆ ਹੋਇਆ ਸੀ, ਦੋ ਕੁ ਘੰਟੇ ਇੰਤਜ਼ਾਰ ਕਰਾਉਣ ਤੋਂ ਬਾਅਦ ਉਸ ਨੇ ਥਾਣੇਦਾਰ ਨੂੰ ਅੰਦਰ ਬੁਲਾਇਆ। ਅੰਦਰ ਜਾ ਕੇ ਥਾਣੇਦਾਰ ਨੇ ਪੂਰਾ ਖਿੱਚ ਕੇ ਸਲਿਊਟ ਮਾਰਿਆ। ਕਪਤਾਨ ਨੇ ਬੜੇ ਖੁਸ਼ਕ ਜਿਹੇ ਲਹਿਜ਼ੇ ਵਿੱਚ ਪੁੱਛਿਆ, “ ਹਾਂ ਜੀ, ਦੱਸੋ ਕਿਵੇਂ ਆਏ?”  ਥਣੇਦਾਰ ਨੇ ਬੜੇ ਆਦਰ ਨਾਲ ਕਮਾਨ ਵਾਂਗ ਝੁਕਦਿਆਂ ਹੋਇਆਂ ਕਿਹਾ, “ਸਰ ਮੈਂ ਆਪਣੀ ਨਵੀਂ ਛਪੀ ਕਵਿਤਾਵਾਂ ਦੀ ਕਿਤਾਬ ਜ਼ਨਾਬ ਨੂੰ ਭੇਂਟ ਕਰਨ ਲਈ ਆਇਆ ਹਾਂ।” ਕਪਤਾਨ ਵੱਲੋਂ ਹਾਮੀ ਭਰਨ ‘ਤੇ ਉਸ ਨੇ ਅੱਗੇ ਵੱਧ ਕੇ ਕਪਤਾਨ ਦੇ ਗੋਡੀਂ ਹੱਥ ਲਾਏ ਤੇ ਬੜੇ ਅਦਬ ਨਾਲ ਕਿਤਾਬ ਭੇਂਟ ਕਰ ਦਿੱਤੀ ਤੇ ਨਾਲੇ ਲੱਡੂਆਂ ਦਾ ਡੱਬਾ ਵੀ ਖੋਲ੍ਹ ਕੇ ਮੇਜ਼ ‘ਤੇ ਰੱਖ ਦਿੱਤਾ। ਕਪਤਾਨ ਨੇ ਰਸਮੀ ਜਿਹੀ ਖੁਸ਼ੀ ਜ਼ਾਹਰ ਕੀਤੀ ਤੇ ਕਿਤਾਬ ਫੜ੍ਹ ਲਈ, ਬਲਕਿ ਚੌਥਾ ਕੁ ਹਿੱਸਾ ਲੱਡੂ ਵੀ ਖਾ ਲਿਆ। ਉਸ ਨੇ ਥਾਣੇਦਾਰ ਨੂੰ ਭਵਿੱਖ ਵਿੱਚ ਹੋਰ ਵਧੀਆ ਕਵਿਤਾਵਾਂ ਲਿਖਣ ਲਈ ਸ਼ੁੱਭ ਇਛਾਵਾਂ ਦਿੱਤੀਆਂ। ਸ਼ਾਬਾਸ਼ ਲੈ ਕੇ ਥਾਣੇਦਾਰ ਖੁਸ਼ੀ ਖੁਸ਼ੀ ਬਾਹਰ ਆ ਗਿਆ। ਉਸ ਦੀ ਤਾਂ ਧਰਤੀ ‘ਤੇ ਅੱਡੀ ਨਾ ਲੱਗੇ। ਉਸ ਨੇ ਬਾਹਰ ਆ ਕੇ ਆਪਣੇ ਸਾਥੀਆਂ ਨੂੰ ਕਿਹਾ, “ ਤੁਸੀਂ ਤਾਂ ਸਾਲਿਉ ਐਵੇਂ ਮੈਨੂੰ ਡਰਾਈ ਜਾਂਦੇ ਸੀ, ਸਾਹਿਬ ਤਾਂ ਖੁਸ਼ ਈ ਬੜੇ ਹੋਏ ਨੇ।” ਉਸ ਦੇ ਬਾਹਰ ਆਉਂਦੇ ਹੀ ਕਪਤਾਨ ਦੇ ਸਟੈਨੋ ਦੀ ਘੰਟੀ ਵੱਜੀ ਤੇ ਉਹ ਡਿਕਟੇਸ਼ਨ ਲੈਣ ਲਈ ਕਪਤਾਨ ਕੋਲ ਚਲਾ ਗਿਆ। ਥਾਣੇਦਾਰ ਅਜੇ ਦਫਤਰ ਵਿੱਚ ਲੱਡੂ ਵੰਡ ਹੀ ਰਿਹਾ ਸੀ ਕਿ ਸਟੈਨੋ ਨੇ ਬਾਹਰ ਆ ਕੇ ਕਿਹਾ, “ਜ਼ਨਾਬ ਥੋੜ੍ਹਾ ਉਡੀਕ ਕੇ ਜਾਇਉ।” ਥਾਣੇਦਾਰ ਸਾਥੀਆਂ ਨੂੰ ਕਹਿਣ ਲੱਗਾ, “ ਜਿੰਨੇ ਸਾਹਿਬ ਖੁਸ਼ ਸਨ, ਲੱਗਦਾ ਹੈ ਕਿ ਸਰਟੀਫਿਕੇਟ ਦੇ ਕੇ ਹੀ ਭੇਜਣਗੇ।” ਖੁਸ਼ੀ-ਖੁਸ਼ੀ ਉਹ ਸਟੈਨੋ ਦਾ ਇੰਤਜ਼ਾਰ ਕਰਨ ਲੱਗਾ।
ਥੋੜ੍ਹੀ ਦੇਰ ਬਾਅਦ ਸਟੈਨੋ ਨੇ ਕਪਤਾਨ ਦੇ ਦਸਤਖਤ ਕਰਵਾ ਕੇ ਟੇਢੀ ਜਿਹੀ ਮੁਸਕਾਨ ਨਾਲ ਇੱਕ ਕਾਗਜ਼ ਥਾਣੇਦਾਰ ਦੇ ਹੱਥ ਲਿਆ ਫੜਾਇਆ, “ਲਉ ਜ਼ਨਾਬ, ਕਰੋ ਰਿਸੀਵ।” ਪੁਲਿਸ ਮਹਿਕਮੇ ਵਿੱਚ ਜੇ ਇਨਾਮੀ ਸਰਟੀਫਿਕੇਟ ਦੇਣਾ ਹੋਵੇ ਤਾਂ ਬਾਬੂ ਟਾਈਪ ਕਰਦੇ ਕਰਦੇ ਮਹੀਨਾ ਲਗਾ ਦੇਂਦੇ ਹਨ, ਪਰ ਜੇ ਕਿਸੇ ਨੂੰ ਸਜ਼ਾ ਦੇਣੀ ਹੋਵੇ ਤਾਂ ਮਿੰਟੋ ਮਿੰਟੀ ਨੋਟਿਸ ਉਸ ਦੇ ਘਰ ਤੱਕ ਵੀ ਪਹੁੰਚਾ ਆਉਂਦੇ ਹਨ। ਉਹ ਕਾਗਜ਼ ਸਰਟੀਫਿਕੇਟ ਦੀ ਬਜਾਏ ਇੱਕ ਕਾਰਣ ਦੱਸੋ ਨੋਟਿਸ ਸੀ। ਨੋਟਿਸ ਵਿੱਚ ਥਾਣੇਦਾਰ ਤੋਂ ਚਾਰ ਨੁਕਤਿਆਂ ਦਾ ਜਵਾਬ ਮੰਗਿਆ ਗਿਆ ਸੀ। ਨੰਬਰ ਇੱਕ, ਇਹ ਦੱਸਿਆ ਜਾਵੇ ਕਿ ਕੀ ਇਹ ਕਿਤਾਬ ਛਪਵਾਉਣ ਤੋਂ ਪਹਿਲਾਂ ਤੁਸੀਂ ਮਹਿਕਮੇ ਤੋਂ ਆਗਿਆ ਲਈ ਸੀ? ਨੰਬਰ ਦੋ, ਇਹ ਦੱਸਿਆ ਜਾਵੇ ਕਿ ਇਹ ਕਿਤਾਬ ਛਪਵਾਉਣ ਲਈ ਤੁਹਾਡੇ ਕੋਲ ਪੈਸੇ ਕਿਥੋਂ ਆਏ? ਨੰਬਰ ਤਿੰਨ, ਲੱਗਦਾ ਹੈ ਕਿ ਤੁਸੀਂ ਆਪਣੀ ਡਿਊਟੀ ਅਤੇ ਸਰਕਾਰੀ ਕੰਮ ਕਾਜ਼ ਵਿੱਚ ਧਿਆਨ ਨਹੀਂ ਦੇਂਦੇ, ਨਹੀਂ ਤਾਂ ਤੁਹਾਨੂੰ ਕਿਤਾਬ ਲਿਖਣ ਦਾ ਟਾਈਮ ਕਿਵੇਂ ਮਿਲਿਆ? ਨੰਬਰ ਚਾਰ, ਦੱਸਿਆ ਜਾਵੇ ਕਿ ਤੁਸੀਂ ਇਸ ਕਿਤਾਬ ਦਾ ਮੁੱਲ 200 ਰੁ. ਰੱਖਿਆ ਹੈ, ਇਹ ਕਿਤਾਬ ਵੇਚ ਕੇ ਤੁਸੀਂ ਹੁਣ ਤੱਕ ਕਿੰਨੀ ਕਮਾਈ ਕੀਤੀ ਹੈ? ਜਦੋਂ ਕਿ ਪੁਲਿਸ ਰੂਲ ਮੁਤਾਬਕ ਤੁਸੀ ਨੌਕਰੀ ਤੋਂ ਇਲਾਵਾ ਹੋਰ ਕੋਈ ਬਿਜ਼ਨਸ ਨਹੀਂ ਕਰ ਸਕਦੇ। ਕਿਉਂ ਨਾ ਤੁਹਾਨੂੰ ਸਸਪੈਂਡ ਕਰ ਕੇ ਵਿਭਾਗੀ ਪੜਤਾਲ ਕਰਵਾਈ ਜਾਵੇ? ਫਿਰ ਵੀ ਮੈਂ ਨਰਮਾਈ ਨਾਲ ਸੋਚਦੇ ਹੋਏ ਤੁਹਾਨੂੰ ਜਵਾਬ ਦੇਣ ਲਈ ਸੱਤ ਦਿਨ ਦਾ ਸਮਾਂ ਦੇਂਦਾ ਹਾਂ। ਪੜ੍ਹ ਕੇ ਥਾਣੇਦਾਰ ਨੂੰ ਚੱਕਰ ਆ ਗਏ ਤੇ ਉਹ ਧੜ੍ਹੰਮ ਕਰ ਕੇ ਕੁਰਸੀ ‘ਤੇ ਡਿੱਗ ਪਿਆ। ਬੜੀ ਮੁਸ਼ਕਲ ਨਾਲ ਮੁਲਾਜ਼ਮਾਂ ਨੇ ਪਾਣੀ ਪਿਆ ਕੇ ਉਸ ਦੀ ਸੁਰਤ ਟਿਕਾਣੇ ਲਿਆਂਦੀ। ਥਾਣੇਦਾਰ ਦੇ ਦੋਸਤਾਂ ਨੇ ਉਸ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ “ਜਦੋਂ ਅਸੀਂ ਤੈਨੂੰ ਕਹਿੰਦੇ ਸੀ ਕਿ ਪੰਗਾ ਨਾ ਲੈ, ਤੁੰ ਕਿਉਂ ਨਹੀਂ ਹਟਿਆ? ਲੈ ਲਾ ਭੂਤਨੀ ਦਿਆ ਸਰਟੀਫਿਕੇਟ।” ਕਈ ਮਹੀਨਿਆਂ ਬਾਅਦ ਕਿਤੇ ਜਾ ਕੇ ਮਾਫੀਆਂ ਮੰਗ ਕੇ ਨੋਟਿਸ ਫਾਈਲ ਹੋਇਆ ਤੇ ਥਾਣੇਦਾਰ ਨੇ ਅੱਗੇ ਤੋਂ ਕਵਿਤਾਵਾਂ ਲਿਖਣ ਤੋਂ ਤੌਬਾ ਕਰ ਲਈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin