India

ਕਸ਼ਮੀਰ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਢੇਰ

ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋ ਵੱਖ-ਵੱਖ ਮੁਕਾਬਲਿਆਂ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੇ ਅਨੁਸਾਰ, ਕਸ਼ਮੀਰ ਡਿਵੀਜ਼ਨ ਦੇ ਅਨੰਤਨਾਗ ਜ਼ਿਲ੍ਹੇ ਅਤੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਸ਼ਾਮ ਨੂੰ ਦੋ ਮੁਕਾਬਲੇ ਹੋਏ। ਇਨ੍ਹਾਂ ਦੋਵਾਂ ਮੁਠਭੇੜਾਂ ‘ਚ ਅੱਤਵਾਦੀ ਸੰਗਠਨ ਜੈਸ਼ ਦੇ 6 ਅੱਤਵਾਦੀਆਂ ਨੂੰ ਮਾਰਨ ‘ਚ ਸਫਲਤਾ ਹਾਸਲ ਕੀਤੀ ਹੈ। ਮਾਰੇ ਗਏ ਛੇ ਅੱਤਵਾਦੀਆਂ ਵਿਚੋਂ ਚਾਰ ਦੀ ਪਛਾਣ ਹੋ ਗਈ ਹੈ ਜਦਕਿ ਦੋ ਹੋਰਾਂ ਦੀ ਪਛਾਣ ਹੋਣੀ ਬਾਕੀ ਹੈ। ਮਾਰੇ ਗਏ ਚਾਰ ਅੱਤਵਾਦੀਆਂ ‘ਚੋਂ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਅੱਤਵਾਦੀ ਹਨ।ਮੁੱਠਭੇੜ ‘ਚ ਮਾਰੇ ਗਏ ਦੋ ਸਥਾਨਕ ਅੱਤਵਾਦੀਆਂ ਦੀ ਪਛਾਣ ਮੁਫਤੀ ਅਲਤਾਫ ਨਿਵਾਸੀ ਨਾਥੀਪੋਰਾ ਦੁਰੂ ਅਨੰਤਨਾਗ ਅਤੇ ਨਿਸਾਰ ਅਹਿਮਦ ਖਾਂਡੇ ਨਿਵਾਸੀ ਦਾਉਦਵਾਗਨ ਵੇਰੀਨਾਗ ਅਨੰਤਨਾਗ ਵਜੋਂ ਹੋਈ ਹੈ।

ਆਈਜੀ ਵਿਜੇ ਕੁਮਾਰ ਮੁਤਾਬਕ ਅਨੰਤਨਾਗ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਤਿੰਨ ਜਵਾਨਾਂ ਵਿੱਚੋਂ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਅੱਤਵਾਦੀਆਂ ਦੇ ਕਬਜ਼ੇ ‘ਚੋਂ ਦੋ M4 ਰਾਈਫਲਾਂ, ਚਾਰ ਏਕੇ-47 ਰਾਈਫਲਾਂ ਵੀ ਬਰਾਮਦ ਹੋਈਆਂ ਹਨ।ਅਨੰਤਨਾਗ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨ ਦਾ ਨਾਂ ਜਸਬੀਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਫੌਜੀ ਬੁਲਾਰੇ ਨੇ ਸ਼ਹੀਦ ਫੌਜੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।ਕਸ਼ਮੀਰ ‘ਚ ਅੱਤਵਾਦ ਖਿਲਾਫ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ‘ਚ ਬੁੱਧਵਾਰ ਨੂੰ ਕਰੀਬ ਤਿੰਨ ਘੰਟਿਆਂ ਦੌਰਾਨ ਹੋਏ ਦੋ ਮੁਕਾਬਲਿਆਂ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਛੇ ਅੱਤਵਾਦੀ ਮਾਰੇ ਗਏ। ਇਸ ਦੌਰਾਨ ਫ਼ੌਜ ਦੇ ਦੋ ਜਵਾਨਾਂ ਸਮੇਤ ਤਿੰਨ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਰਾਤ ਕਰੀਬ 9.15 ਵਜੇ ਕੁਲਗਾਮ ਦੇ ਮਿਰਹਾਮਾ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਪੁਲਸ ਨੇ ਫੌਜ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਹੀ ਜਵਾਨ ਅੱਤਵਾਦੀਆਂ ਦੇ ਸ਼ੱਕੀ ਟਿਕਾਣੇ ਵੱਲ ਵਧੇ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ ਅਤੇ ਕਰੀਬ ਅੱਧੇ ਘੰਟੇ ਬਾਅਦ ਇੱਕ ਅੱਤਵਾਦੀ ਮਾਰਿਆ ਗਿਆ। ਕਰੀਬ 15 ਮਿੰਟ ਤੱਕ ਕੋਈ ਗੋਲੀਬਾਰੀ ਨਾ ਹੋਣ ਕਾਰਨ ਜਿਵੇਂ ਹੀ ਜਵਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਲੁਕੇ ਹੋਰ ਅੱਤਵਾਦੀਆਂ ਨੇ ਮੁੜ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਨੂੰ ਉੱਥੇ ਹੀ ਢੇਰ ਕਰ ਦਿੱਤਾ। ਰਾਤ 10:30 ਵਜੇ ਤੱਕ ਤਿੰਨ ਅੱਤਵਾਦੀ ਮਾਰੇ ਜਾ ਚੁੱਕੇ ਸਨ। ਇਨ੍ਹਾਂ ਵਿੱਚੋਂ ਇੱਕ ਪਾਕਿਸਤਾਨੀ ਅਤੇ ਦੋ ਸਥਾਨਕ ਹਨ। ਇਨ੍ਹਾਂ ਕੋਲੋਂ ਇੱਕ ਐੱਮ-4 ਕਾਰਬਾਈਨ ਅਤੇ ਦੋ ਏਕੇ-47 ਰਾਈਫਲਾਂ ਵੀ ਬਰਾਮਦ ਹੋਈਆਂ ਹਨ।

ਕੁਲਗਾਮ ਮੁਕਾਬਲੇ ਤੋਂ ਤਿੰਨ ਘੰਟੇ ਪਹਿਲਾਂ ਸ਼ਾਮ 6.30 ਵਜੇ ਦੇ ਕਰੀਬ ਪੁਲਿਸ ਨੇ ਫੌਜ ਦੇ 19 ਆਰਆਰ ਅਤੇ ਸੀਆਰਪੀਐਫ ਦੇ ਜਵਾਨਾਂ ਨਾਲ ਮਿਲ ਕੇ ਜ਼ਿਲ੍ਹਾ ਅਨੰਤਨਾਗ ਦੇ ਸ਼ਾਹਬਾਦ ਇਲਾਕੇ ਦੇ ਨੌਗਾਮ ਵਿੱਚ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ। ਪੁਲਸ ਨੂੰ ਆਪਣੇ ਸਿਸਟਮ ਤੋਂ ਪਿੰਡ ‘ਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਵੇਂ ਹੀ ਸੁਰੱਖਿਆ ਬਲਾਂ ਨੇ ਪਿੰਡ ‘ਚ ਦਾਖਲ ਹੋ ਕੇ ਤਲਾਸ਼ੀ ਸ਼ੁਰੂ ਕੀਤੀ ਤਾਂ ਇਕ ਥਾਂ ‘ਤੇ ਲੁਕੇ ਹੋਏ ਅੱਤਵਾਦੀਆਂ ਨੇ ਆਪਣਾ ਟਿਕਾਣਾ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਹਿਲਾਂ ਤਲਾਸ਼ੀ ਲਈ ਅੱਗੇ ਵਧ ਰਹੇ ਸੈਨਿਕਾਂ ‘ਤੇ ਗ੍ਰਨੇਡ ਸੁੱਟਿਆ ਅਤੇ ਫਿਰ ਆਪਣੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਇਸ ਵਿੱਚ 19 ਆਰਆਰ ਦੇ ਦੋ ਜਵਾਨ ਰੋਹਿਤ ਯਾਦਵ ਅਤੇ ਇਸ਼ਾਂਤ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਦੀਪਕ ਕੁਮਾਰ ਜ਼ਖ਼ਮੀ ਹੋ ਗਿਆ। ਹੋਰ ਜਵਾਨਾਂ ਨੇ ਆਪਣੇ ਜ਼ਖਮੀ ਸਾਥੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਦੇ ਹੋਏ ਅੱਤਵਾਦੀਆਂ ਨੂੰ ਮੁੱਠਭੇੜ ਵਿਚ ਫਸਾਇਆ। ਤਿੰਨਾਂ ਨੂੰ ਇਲਾਜ ਲਈ ਬਦਾਮੀ ਬਾਗ ਸਥਿਤ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin