ਮਾਨਸਾ – ਪੰਜਾਬੀ ਕਹਾਣੀ ਦੇ ਸਮਰੱਥ ਕਹਾਣੀਕਾਰ ਦਰਸ਼ਨ ਜੋਗਾ ਦਾ ਨਵਾਂ ਕਹਾਣੀ ਸੰਗ੍ਰਹਿ ‘ਮੁੱਕਦੀ ਗੱਲ’ ਜੋਗਾ ਨਿਵਾਸ ਵਿਖੇ ਹਾਜ਼ਰ ਲੇਖਕਾਂ ਵਲੋਂ ਲੋਕ ਅਰਪਣ ਕੀਤਾ ਗਿਆ | ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਗੱਲ ਕਰਦਿਆਂ ਨੌਜਵਾਨ ਆਲੋਚਕ ਪ੍ਰੋ: ਗੁਰਦੀਪ ਸਿੰਘ ਢਿੱਲੋਂ ਨੇ ਮੁੱਕਦੀ ਗੱਲ ਦੇ ਮੈਟਾਫ਼ਰ ਵਿਚ ਜਿਹੜਾ ਸੰਵਾਦ ਛੁਪਿਆ ਹੈ, ਉਹ ਨਵੀਂ ਕਹਾਣੀ ਦੀ ਨਵੀਂ ਆਹਟ ਹੈ | ਇਹ ਆਹਟ ਸਮਕਾਲੀ ਕਹਾਣੀ ਲਈ ਜ਼ਰੂਰੀ ਵੀ ਹੈ | ਕਹਾਣੀਕਾਰ ਅਨੇਮਨ ਸਿੰਘ ਨੇ ਕਿਹਾ ਕਿ ਦਰਸ਼ਨ ਜੋਗਾ ਨੇ ਇਨ੍ਹਾਂ ਕਹਾਣੀਆਂ ‘ਚ ਜ਼ਿੰਦਗੀ ਦੀ ਟੁੱਟ ਭੱਜ, ਰਿਸ਼ਤਿਆਂ ‘ਚ ਆਏ ਨਿਘਾਰ, ਸਮਾਜਿਕ ਡਾਂਵਾਂਡੌਲਤਾ, ਕਿਸਾਨੀ ਜੀਵਨ, ਪਰਿਵਾਰਾਂ ਦੀਆਂ ਜ਼ਰੂਰਤਾਂ ਤੇ ਤ੍ਰਾਸਦੀਆਂ ਨੂੰ ਬਿਆਨ ਕਰਦੇ ਹੋਏ ਪਾਤਰਾਂ ਰਾਹੀਂ ਇਨ੍ਹਾਂ ਦੀ ਉਪਰਾਮਤਾ ਨੂੰ ਤਿਲਾਂਜਲੀ ਦੇਣ ਦਾ ਸੱਦਾ ਦਿੱਤਾ ਹੈ | ਕਹਾਣੀਕਾਰ ਜਸਬੀਰ ਢੰਡ ਨੇ ਕਿਹਾ ਕਿ ਜੋਗਾ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਨਮਸਕਾਰ ਨਾਲ ਹੀ ਪਾਠਕਾਂ ‘ਚ ਮਕਬੂਲ ਹੋ ਗਏ ਸਨ, ਇਹ ਸੰਗ੍ਰਹਿ ਵੀ ਉਨ੍ਹਾਂ ਦੀ ਕਹਾਣੀ ਕਲਾ ਦੀ ਤਰਜਮਾਨੀ ਕਰੇਗਾ | ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਅਜੋਕੇ ਸਮੇਂ ‘ਚ ਭਾਵੇਂ ਬਹੁਤ ਕਹਾਣੀ ਲਿਖੀ ਜਾ ਰਹੀ ਹੈ ਪਰ ਦਰਸ਼ਨ ਜੋਗਾ ਦੀਆਂ ਕਹਾਣੀਆਂ ਵਿਚਲੀ ਮਲਵਈ ਭਾਸ਼ਾ ਤੇ ਸ਼ੈਲੀ ਉਨ੍ਹਾਂ ਨੂੰ ਕਹਾਣੀ ਕਲਾ ‘ਚ ਵੱਖਰਾ ਸਥਾਨ ਹਾਸਲ ਕਰਵਾਉਣ ਦੇ ਸਮਰੱਥ ਹੈ | ਕਹਾਣੀ ਸੰਗ੍ਰਹਿ ਮੁੱਕਦੀ ਗੱਲ ਬਾਰੇ ਗੱਲ ਕਰਦਿਆਂ ਅਧਿਆਪਕ ਆਗੂ ਅਮੋਲਕ ਡੇਲੂਆਣਾ ਨੇ ਕਿਹਾ ਕਿ ਮੱਧਵਰਗੀ ਮਨੁੱਖ ਤੇ ਪੇਂਡੂ ਕਿਸਾਨੀ ਜੀਵਨ ਦੀਆਂ ਗੱਲ ਕਰਦੀਆਂ ਇਹ ਕਹਾਣੀਆਂ ਦੇ ਪਾਤਰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਦਸਤਪੰਜਾ ਲੈਂਦੇ ਨਿਰਾਸ਼ ਨਹੀਂ ਹੁੰਦੇ ਸਗੋਂ ਆਪਣੇ ਜੀਵਨ ‘ਚ ਪਏ ਮਾੜੇ ਪ੍ਰਭਾਵਾਂ ਨੂੰ ‘ਮੁੱਕਦੀ ਗੱਲ’ ਮੁਕਾਉਣਾ ਚਾਹੁੰਦੇ ਹਨ | ਵਰਤਮਾਨ ਦੇ ਕਿਸਾਨੀ ਅੰਦੋਲਨ ਦੇ ਦਿਨਾਂ ‘ਚ ਇਨਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ | ਕਹਾਣੀਕਾਰ ਜੋਗਾ ਦੇ ਪਰਵਾਸ ਤੋਂ ਆਏ ਬੇਟੇ ਇੰਜੀਨੀਅਰ ਕਰਾਂਤੀਪਾਲ ਸਿੰਘ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ |
previous post
next post