ਫਿਰੋਜ਼ਪੁਰ – ਕਥਿਤ ਤੌਰ ‘ਤੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਸ਼ਹੂਰ ਕਾਰੋਬਾਰੀ ਵੀਪੀ ਸਿੰਘ ਹਾਂਡਾ ਨੂੰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕਲੀਨ ਚਿੱਟ ਦਿੱਤੇ ਜਾਣ ਦੀ ਭਿਣਕ ਪੈਂਦਿਆਂ ਹੀ ਸਥਾਨਕ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੇ ਲਾਮ ਲਸ਼ਕਰ ਨਾਲ ਐੱਸਐੱਸਪੀ ਆਫਿਸ ਪਹੁੰਚੇ ਅਤੇ ਲੰਮਾ ਸਮਾਂ ਐੱਸਐੱਸਪੀ ਫ਼ਿਰੋਜ਼ਪੁਰ ਹੰਸ ਨਾਲ ਬੰਦ ਕਮਰਾ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਵੀ ਕਾਫ਼ੀ ਤਲਖ਼ ਨਜ਼ਰ ਆ ਰਹੇ ਸਨ। ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਪਰਮਿੰਦਰ ਸਿੰਘ ਪਿੰਕੀ ਨੇ ਡੀਜੀਪੀ ਚਟੋਪਾਧਿਆਏ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਆਖਿਆ ਕਿ ਡੀਜੀਪੀ ਚਟੋਪਾਧਿਆਏ ਜਬਰ-ਜਨਾਹ ਦੇ ਦੋਸ਼ੀ ਵੀਪੀ ਸਿੰਘ ਨੂੰ ਆਪਣੀ ਕਾਰ ਵਿੱਚ ਲੈ ਕੇ ਘੁੰਮ ਰਹੇ ਹਨ ਅਤੇ ਵੀਪੀ ਸਿੰਘ ਚਟੋਪਾਧਿਆਏ ਦੀ ਸ਼ਹਿ ‘ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਪਿੰਕੀ ਨੇ ਦੋਸ਼ ਲਗਾਏ ਕਿ ਕਾਰੋਬਾਰੀ ਵੀਪੀ ਸਿੰਘ ਵੱਲੋਂ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ। ਇਸ ਸਬੰਧੀ ਦਰਜ ਮਾਮਲੇ ਵਿਚ ਵੀਪੀ ਸਿੰਘ ਦੀ ਜ਼ਮਾਨਤ ਸੁਪਰੀਮ ਕੋਰਟ ਤਕ ਤੋਂ ਖਾਰਜ ਹੋ ਚੁੱਕੀ ਹੈ। ਅਜਿਹੇ ਵਿਚ ਇਕ ਸੂਬੇ ਦੇ ਡੀਜੀਪੀ ਵੱਲੋਂ ਉਸ ਨੂੰ ਆਪਣੀ ਕਾਰ ‘ਚ ਬਿਠਾ ਕੇ ਘੁੰਮਣਾ ਸੂਬੇ ਦੀ ਜਨਤਾ ਨੂੰ ਗ਼ਲਤ ਸੰਕੇਤ ਜਾਂਦਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੀ ਅੱਧੀ ਤੋਂ ਜ਼ਿਆਦਾ ਆਈਏਐਸ ਤੇ ਆਈਪੀਐਸ ਲਾਬੀ ਵਿੱਚ ਚੰਗਾ ਅਸਰ ਰਸੂਖ ਰੱਖਦੇ ਮਸ਼ਹੂਰ ਕਾਰੋਬਾਰੀ ਵੀਪੀ ਸਿੰਘ ਹਾਂਡਾ ਵੱਲੋਂ ਆਪਣੇ-ਆਪ ਨੂੰ ਇਕ ਮਸ਼ਹੂਰ ਸਿਆਸੀ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ। ਅਜਿਹੇ ਵਿਚ ਇਕ ਔਰਤ ਵੱਲੋਂ ਵੀਪੀ ਹਾਂਡਾ ਦੀ ਕਰੀਬੀ ਹੋਣ ਦਾ ਦਾਅਵਾ ਕਰਦਿਆਂ ਵੀਪੀ ਹਾਂਡਾ ‘ਤੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦਿਨਾਂ ‘ਚ ਜਿਥੇ ਕਾਂਗਰਸੀ ਸਮਰਥਕਾਂ ਵੱਲੋਂ ਇਸ ਸਬੰਧੀ ਵੀਪੀ ਹਾਂਡਾ ਦੀ ਕੋਠੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਉਥੇ ਹੀ ਉਪਰੋਕਤ ਔਰਤ ਅਤੇ ਵੀ ਪੀ ਹਾਂਡਾ ਵਿਚਾਲੇ ‘ਬੇ-ਤਕੱਲਫ’ ਅਤੇ ਸੁਖਾਵੇਂ ਮਾਹੌਲ ਵਿਚ ਹੋਈ ਗੱਲਬਾਤ ਦੀ ਇਕ ਆਡੀਓ ਵੀ ਜਾਰੀ ਕੀਤੀ ਗਈ ਸੀ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਕਿਉਂਕਿ ਉਸ ਵੱਲੋਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਦਾ ਹੌਕਾ ਦਿੱਤਾ ਜਾਂਦਾ ਹੈ, ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ, ਉਨ੍ਹਾਂ ਇੱਥੋਂ ਤੱਕ ਆਖਿਆ ਕਿ ਜੇ ਉਨ੍ਹਾਂ ਦੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਡੀਜੀਪੀ ਚਟੋਪਾਧਿਆਏ ਜ਼ਿੰਮੇਵਾਰ ਹੋਵੇਗਾ।