ਚੰਡੀਗੜ੍ਹ – ਕਾਂਗਰਸੀ ਐੱਮਪੀ ਅਭਿਸ਼ੇਕ ਸਿੰਘਵੀ ਦੇ ਬੇਅਦਬੀ ਸਬੰਧੀ ਕੀਤੇ ਟਵੀਟ ਨੇ ਸਿਆਸਤ ਭਖਾ ਦਿੱਤੀ ਹੈ। ਬੀਤੇ ਕੱਲ੍ਹ ਕੀਤੇ ਟਵੀਟ ‘ਚ ਉਨ੍ਹਾਂ ਲਿਖਿਆ ਸੀ ਕਿ ‘ਸ੍ਰੀ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ ‘ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ।’ ਇਸੇ ਟਵੀਟ ‘ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘਵੀ ਟਵੀਟ ਕਰ ਕੇ ਆਖ ਰਹੇ ਹਨ ਕਿ ‘ਸ੍ਰੀ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ ‘ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ।’ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਆਦਾ, ਸਿੱਖ ਧਰਮ ਅਸਥਾਨਾਂ, ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹਮਲੇ ਕਰ ਕੇ ਤੇ ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਖੀਆਂ ਨੂੰ ਸਜ਼ਾ ਦੇਣ ਦੀ ਜਗ੍ਹਾ ਪੁਸ਼ਤਪਨਾਹੀ ਕਰ ਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖ ਕੌਮ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਹੈ। ਅਹਿਮ ਸਵਾਲ ਇਹ ਹੈ ਕਿ ਸੰਗਤ ਵੱਲੋਂ ਦੋਸ਼ੀ ਨੂੰ ਮਾਰਨ ਤਕ ਹੀ ਨੌਬਤ ਹੀ ਕਿਉਂ ਆਈ? ਜਦੋਂ ਕਾਨੂੰਨ ਦਾ ਰਾਜ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਅਸਮਰੱਥਾ ਰਿਹਾ ਤਾਂ ਵਲੂੰਧਰੇ ਹਿਰਦੇ ਚੁੱਕੀ ਫਿਰਦੇ ਸਿੱਖ ਕੀ ਕਰਨ? 84 ਦੀ ਨਸਲਕੁਸ਼ੀ ਲਈ ਇਨਸਾਫ਼ ਉਡੀਕਦੇ ਜਹਾਨੋਂ ਤੁਰ ਗਏ ਸਿੱਖਾਂ ਦੇ ਵਾਰਸ ਤੇ ਜਿੰਦਗੀ ਦੇ ਆਖਰੀ ਸਾਹ ਗਿਣ ਰਹੇ ਸਿੱਖ ਕੀ ਕਰਨ? ਇਹ ਵੀ ਅਭਿਸ਼ੇਕ ਸਿੰਘਵੀ ਨੂੰ ਦੱਸਣਾ ਚਾਹੀਦਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਬੇਅਦਬੀ ਮਾਮਲੇ ‘ਚ ਕਾਂਗਰਸ ਨੂੰ ਲੰਮੇ ਹੱਥ ਲਿਆ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਵਾਂਗ ਕਾਂਗਰਸ ਸਰਕਾਰ ਵੀ ਡਬਲ ਗੇਮ ਨਾ ਖੇਡੇ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਗੱਲਾਂ ਦੀ ਬਜਾਏ ਕਾਰਵਾਈ ਕਰੋ।