ਚੰਡੀਗੜ੍ਹ – ਪੰਜ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਸਭ ਤੋਂ ਵੱਡਾ ਝਟਕਾ ਪੰਜਾਬ ਵਿਚ ਲੱਗਿਆ ਹੈ। 2017 ਵਿਚ 77 ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਕਾਂਗਰਸ 2022 ਵਿਚ 20 ਸੀਟਾਂ ਦਾ ਅੰਕੜਾ ਪਾਰ ਨਹੀਂ ਕਰ ਸਕੀ। ਕਾਂਗਰਸ ਨੂੰ ਅਖ਼ੀਰ ਪੰਜਾਬ ਵਿੱਚੋਂ ਸੱਤਾ ਤੋਂ ਹੱਥ ਧੋਣੇ ਪਏ। ਸੂਬੇ ਵਿਚ ਕਾਂਗਰਸ ਦੀ ਹਾਰ ਦੀ ਨੀਂਹ ਸਾਬਕਾ ਸੂਬਾ ਇੰਚਾਰਜ ਹਰੀਸ਼ ਰਾਵਤ ਨੇ 2020 ਵਿਚ ਰੱਖ ਦਿੱਤੀ ਸੀ। ਰਾਵਤ ਦੇ ਇੰਚਾਰਜ ਬਣਨ ਮਗਰੋਂ ਸੂਬੇ ਵਿੱਚੋਂ ਕਾਂਗਰਸ ਦਾ ਅਧਾਰ ਖਿਸਕਣਾ ਸ਼ੁਰੂ ਹੋ ਗਿਆ ਸੀ। ਕਾਂਗਰਸ ਦੀ ਇਸ ਹਾਰ ਵਿਚ ਸਾਬਕਾ ਪੰਜਾਬ ਇੰਚਾਰਜ ਹਰੀਸ਼ ਰਾਵਤ ਖਲਨਾਇਕ ਦੀ ਭੂਮਿਕਾ ਵਿਚ ਨਜ਼ਰ ਆਉਂਦੇ ਰਹੇ ਹਨ। ਕਾਂਗਰਸ ਨੇ 12 ਸਤੰਬਰ 2020 ਨੂੰ ਸੂਬਾ ਇੰਚਾਰਜ ਵਜੋਂ ਹਰੀਸ਼ ਰਾਵਤ ਨੂੰ ਕਮਾਨ ਸੌਂਪੀ ਸੀ। 18 ਸਤੰਬਰ 2021 ਤਕ ਕਾਂਗਰਸ ਦੀ ਤਸਵੀਰ ਬਦਲ ਚੁੱਕੀ ਸੀ। ਇਕ ਸਾਲ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੁੱਧ ਮੰਤਰੀਆਂ ਤੇ ਵਿਧਾਇਕਾਂ ਨੇ ਬਗ਼ਾਵਤ ਕਰ ਦਿੱਤੀ ਸੀ ਤੇ ਇਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਸਨ। ਜਦਕਿ ਰਾਵਤ ਦੇ ਇੰਚਾਰਜ ਬਣਨ ਤੋਂ ਪਹਿਲਾਂ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਸਿੱਧੂ ਪਾਰਟੀ ਵਿਚ ਹਾਸ਼ੀਏ ’ਤੇ ਚੱਲ ਰਹੇ ਸਨ। ਰਾਵਤ ਦੇ ਸੂਬੇ ਵਿਚ ਇੰਚਾਰਜ ਬਣਨ ਪਿੱਛੋਂ 81 ਵਿਧਾਇਕ ਹੋਣ ਦੇ ਬਾਵਜੂਦ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਸੂਬਾ ਪ੍ਰਧਾਨ ਦੀ ਕਮਾਨ ਸੁਨੀਲ ਜਾਖੜ ਤੋਂ ਲੈ ਕੇ ਨਵਜੋਤ ਸਿੱਧੂ ਨੂੰ ਸੌਂਪੀ ਜਾ ਚੁੱਕੀ ਸੀ। ਇਹ ਸਭ ਕੁਝ ਰਾਵਤ ਦੇ ਕਾਰਜਕਾਲ ਦੌਰਾਨ ਹੋਇਆ ਸੀ। ਕਾਂਗਰਸ ਦੇ ਪੰਨਿਆਂ ਨੂੰ ਪਲਟਣ ’ਤੇ ਸਪੱਸ਼ਟ ਹੋ ਜਾਂਦਾ ਹੈ ਕਿ ਰਾਵਤ ਦੇ ਇੰਚਾਰਜ ਬਣਨ ਤੋਂ ਬਾਅਦ ਕਾਂਗਰਸ ਕਿਵੇਂ ਕਮਜ਼ੋਰ ਹੁੰਦੀ ਗਈ। ਇਸ ਮਗਰੋਂ ਰਾਵਤ ਨੇ ਹਾਸ਼ੀਏ ’ਤੇ ਜਾ ਰਹੇ ਸਿੱਧੂ ਨੂੰ ਹਵਾ ਦਿੱਤੀ। ਸਿੱਧੂ ਨੇ ਅਮਰਿੰਦਰ ਵਿਰੁੱਧ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਨਸ਼ਾਖੋਰੀ ਤੇ ਬੇਅਦਬੀ ਦੇ ਮੁੱਦਿਆਂ ਨੂੰ ਉਭਾਰ ਦਿੱਤਾ। ਇਸ ਦੌਰਾਨ ਰਾਵਤ ਦੀ ਨਿਗ੍ਹਾ ਸੂਬਾ ਪ੍ਰਧਾਨ ਜਾਖੜ ਦੀ ਕੁਰਸੀ ’ਤੇ ਵੀ ਸੀ। ਸਿੱਧੂ ਦੇ ਲਗਾਤਾਰ ਟਵੀਟ ਕਾਰਨ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤਰਜਿੰਦਰ ਬਾਜਵਾ, ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ ਸਮੇਤ 40 ਵਿਧਾਇਕਾਂ ਨੇ ਅਮਰਿੰਦਰ ਵਿਰੁੱਧ ਬਗ਼ਾਵਤ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਖੁੱਲ੍ਹ ਕੇ ਆਖ ਦਿੱਤਾ ਸੀ ਕਿ ਉਨ੍ਹਾਂ ਨੂੰ ਅਮਰਿੰਦਰ ਦੀ ਅਗਵਾਈ ’ਤੇ ਭਰੋਸਾ ਨਹੀਂ ਰਿਹਾ। ਇਸ ’ਤੇ ਪਾਰਟੀ ਹਾਈ ਕਮਾਂਡ ਨੇ ਕਮੇਟੀ ਬਣਾ ਦਿੱਤੀ। ਸਭ ਤੋਂ ਪਹਿਲੀ ਸਜ਼ਾ ਜਾਖੜ ਨੂੰ ਸੂਬਾ ਪ੍ਰਧਾਨਗੀ ਤੋਂ ਹਟਾ ਕੇ ਦਿੱਤੀ ਗਈ ਤੇ ਸਿੱਧੂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਥਾਪ ਦਿੱਤਾ। ਜਿਸ ਦਿਨ ਸਿੱਧੂ ਨੇ ਕਾਰਜਭਾਰ ਸੰਭਾਲਣਾ ਸੀ, ਉਸੇ ਦਿਨ ਉਨ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਕਾਂਗਰਸ ਵਿਚ ਅੱਗੇ ਕੀ ਹੋਣ ਜਾ ਰਿਹਾ ਹੈ। 18 ਸਤੰਬਰ ਨੂੰ ਰਾਵਤ ਨੇ ਅਮਰਿੰਦਰ ਨੂੰ ਦੱਸੇ ਬਗ਼ੈਰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ। ਇਸ ਮਗਰੋਂ ਅਮਰਿੰਦਰ ਦਾ ਅਸਤੀਫ਼ਾ ਸਾਹਮਣੇ ਆਉਂਦਾ ਹੈ। ਉਨ੍ਹਾਂ ਦੇ ਅਸਤੀਫ਼ੇ ਦੇ ਨਾਲ ਹੀ ਰਾਵਤ ਨੇ ਪੰਜਾਬ ਦੀ ਰਾਜਨੀਤੀ ਵਿੱਚੋਂ ਮੂੰਹ ਮੋੜਦੇ ਹੋਏ ਉੱਤਰਾਖੰਡ ਦੀ ਰਾਜਨੀਤੀ ਵਿਚ ਸਰਗਰਮੀ ਸ਼ੁਰੂ ਕਰ ਦਿੱਤੀ। ਜਦਕਿ ਉਦੋਂ ਤਕ ਕਾਂਗਰਸ ਨਾ-ਸਿਰਫ਼ ਆਪਣਾ ਮੁੱਖ ਮੰਤਰੀ ਬਦਲ ਚੁੱਕੀ ਸੀ ਸਗੋਂ ਲੋਕਾਂ ਦਰਮਿਆਨ ਭਰੋਸਾ ਗੁਆ ਚੁੱਕੀ ਸੀ। ਇਹੀਓ ਕਾਰਨ ਹੈ ਕਿ ਵੋਟਾਂ ਤੋਂ ਬਾਅਦ ਜਾਖੜ ਨੇ ਟਿੱਪਣੀ ਕੀਤੀ ਸੀ, ‘‘ਤਬਦੀਲੀ ਜੇ ਬਾਅਦ ਵਿਚ ਕਰ ਲੈਂਦੇ ਤਾਂ ਚੰਗਾ ਹੋਣਾ ਸੀ’’।