ਉੱਤਰਾਖੰਡ – ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਭਰ ‘ਚ ਸ਼ਿਵ ਭਗਤਾਂ ਦੀ ਕਾਂਵੜ ਯਾਤਰਾ ਸ਼ੁਰੂ ਹੋ ਗਈ ਹੈ ਅਤੇ ਵੱਖ-ਵੱਖ ਸੂਬਿਆਂ ‘ਚ ਕਾਂਵੜ ਯਾਤਰਾ ਦੇ ਰੂਟ ‘ਤੇ ਕਈ ਸਹੂਲਤਾਂ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਇਸ ਦੌਰਾਨ, ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਦੇ ਨਾਲ, ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਨੇ ਸੂਬਾ ਸਰਕਾਰਾਂ ਨੂੰ ਕੱਟੜਪੰਥੀ ਤੱਤਾਂ ਤੋਂ ਖਤਰੇ ਦੀ ਉਮੀਦ ਕਰਦੇ ਹੋਏ ਕਾਂਵੜੀਆਂ ਦੀ ਸੁਰੱਖਿਆ ਨੂੰ ਸਖਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਟੈਲੀਜੈਂਸ ਬਿਊਰੋ ਦੁਆਰਾ ਪ੍ਰਾਪਤ ਇਨਪੁਟਸ ਦੇ ਅਧਾਰ ‘ਤੇ, ਗ੍ਰਹਿ ਮੰਤਰਾਲੇ ਨੇ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਲਈ ਕਾਂਵੜ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਸਾਉਣ ਦੇ ਮਹੀਨੇ ਕਾਂਵੜਿਆਂ ‘ਤੇ ਮੰਡਰਾ ਰਹੇ ਖ਼ਤਰੇ ਦੇ ਮੱਦੇਨਜ਼ਰ ਰੇਲਵੇ ਬੋਰਡ ਨੂੰ ਰੇਲ ਗੱਡੀਆਂ ਦੀ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ‘ਚ ਕਿਹਾ ਹੈ ਕਿ ਕਾਂਵੜ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ। ਸ਼ੱਕੀ ਵਿਅਕਤੀਆਂ ਦੀ ਜਾਂਚ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸਾਉਣ ਦਾ ਮਹੀਨਾ 15 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਵੀਰਵਾਰ ਨੂੰ ਸਾਉਣ ਮਹੀਨੇ ਦੇ ਪਹਿਲੇ ਦਿਨ ਕਾਂਵੜ ਯਾਤਰਾ ਸ਼ੁਰੂ ਹੋ ਗਈ ਹੈ, ਜਿਸ ‘ਚ ਭਗਵਾਨ ਸ਼ਿਵ ਦੇ ਸ਼ਰਧਾਲੂ ਵੱਡੀ ਗਿਣਤੀ ‘ਚ ਹਰਿਦੁਆਰ ਪੁੱਜੇ।
ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਕਾਂਵੜ ਯਾਤਰਾ ਕੱਢੀ ਜਾ ਰਹੀ ਹੈ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਪੰਦਰਵਾੜੇ ਤਕ ਚੱਲਣ ਵਾਲੇ ਇਸ ਮੇਲੇ ਦੌਰਾਨ ਘੱਟੋ-ਘੱਟ 4 ਕਰੋੜ ਕਾਂਵੜੀ ਪਵਿੱਤਰ ਨਦੀ ਤੋਂ ਜਲ ਇਕੱਠਾ ਕਰਨ ਲਈ ਹਰਿਦੁਆਰ ਅਤੇ ਗੁਆਂਢੀ ਰਿਸ਼ੀਕੇਸ਼ ਪਹੁੰਚਣਗੇ। ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਤੋਂ ਕਾਂਵੜੀ ਹਰਿਦੁਆਰ ਅਤੇ ਰਿਸ਼ੀਕੇਸ਼ ਜਾਂਦੇ ਹਨ।