Punjab

ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆਂ ਹਾਈ ਸਕੂਲ ਨੇ ਜਿੱਤਿਆ ‘ਸਰਵ-ਉਤਮ ਸਕੂਲ’ ਦਾ ਐਵਾਰਡ !

ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆਂ ਹਾਈ ਸਕੂਲ ਨੇ ਜਿੱਤਿਆ 'ਸਰਵ-ਉਤਮ ਸਕੂਲ' ਦਾ ਐਵਾਰਡ

ਜਗਰਾਉਂ – ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਵਿੱਚੋਂ ਚੁਣੇ ਗਏ 161 ਸਕੂਲਾਂ ਵਿੱਚੋਂ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਨੇ ਜ਼ਿਲ੍ਹਾ ਲੁਧਿਆਣਾ ਦੇ 16 ਬਲਾਕਾਂ ਦੇ 533 ਸਕੂਲਾਂ ਵਿੱਚੋਂ ਅਤੇ ਬਲਾਕ ਜਗਰਾਉਂ ਬਲਾਕ ਦੇ ਸਾਰੇ ਸਕੂਲਾਂ ਵਿੱਚੋਂ ਪਹਿਲੇ ਨੰਬਰ ਉਪਰ ਰਹਿਕੇ ‘ਸਰਵ-ਉਤਮ ਸਕੂਲ’ ਦਾ ਐਵਾਰਡ ਜਿੱਤ ਲਿਆ ਹੈ ਅਤੇ ਪੰਜਾਬ ਸਰਕਾਰ ਪਾਸੋਂ 7.50 ਲੱਖ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ। ਇਹ ਐਵਾਰਡ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪੂਜਾ ਵਰਮਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਦੇ ਮਿਊਂਸਿਪਲ ਭਵਨ ਵਿਖੇ ਪੁਰਸਕਾਰ ਵੰਡ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿਤਰਾ, ਵਿਸ਼ੇਸ਼ ਸਕੱਤਰ ਰਾਜੇਸ਼ ਧੀਮਾਨ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਜ ਕੁੰਡੂ, ਸੈਕੰਡਰੀ ਸਕੂਲ ਸਿੱਖਿਆ ਡਾਇਰੈਕਟਰ ਪਰਮਜੀਤ ਸਿੰਘ ਵੀ ਮੌਜੂਦ ਸਨ। ਐਵਾਰਡ ਜਿੱਤਣ ਦੀ ਖੁਸ਼ੀ ਵਿੱਚ ਖੀਵੇ ਹੋਏ ਮੁੱਖ ਅਧਿਆਪਕਾ ਪੂਜਾ ਵਰਮਾਂ ਨੇ ਦੱਸਿਆ ਕਿ ਕਾਉਂਕੇ ਕਲਾਂ ਦਾ ਇਹ ਸਕੂਲ ਪਹਿਲਾਂ ‘ਨੈਸ਼ਨਲ ਗਰੀਨ ਸਕੂਲ ਐਵਾਰਡ’ ਵੀ ਜਿੱਤ ਚੁੱਕਿਆ ਹੈ ਅਤੇ ਹੁਣ ਪੰਜਾਬ ਭਰ ਦੇ ਮੋਹਰੀ ਸਕੂਲਾਂ ਵਿੱਚ ਸਰਬੋਤਮ ਰਹਿਕੇ ‘ਸਰਵ-ਉਤਮ ਸਕੂਲ’ ਐਵਾਰਡ ਜਿੱਤਕੇ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਮੂਹ ਨਗਰ ਨਿਵਾਸੀਆਂ, ਗਰਾਮ ਪੰਚਾਇਤ ਕਾਉਂਕੇ ਕਲਾਂ, ਜਰਨੈਲ ਸ਼ਾਮ ਸਿੰਘ ਅਟਾਰੀ ਟਰੱਸਟ, ਵਿਕਾਸ ਕਲੱਬ, ਐਨ.ਆਰ.ਆਈ.ਪਰਿਵਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਬਲਾਕ ਨੋਡਲ ਅਫ਼ਸਰ ਪ੍ਰਿੰ:ਗੁਰਵਿੰਦਰਜੀਤ ਸਿੰਘ ਆਦਿ ਵੱਲੋਂ ਦਿੱਤੇ ਗਏ ਨਿੱਘੇ ਸਹਿਯੋਗ ‘ਤੇ ਧੰਨਵਾਦ ਕਰਦਿਆਂ ਆਖਿਆ ਕਿ ਸਕੂਲ ਦੇ ਸਟਾਫ਼ ਦੀ ਦ੍ਰਿੜ ਲਗਨ ਅਤੇ ਅਣਥੱਕ ਮਿਹਨਤ ਸਦਕਾ ਸਰਕਾਰੀ ਕੰਨਿਆਂ ਹਾਈ ਸਕੂਲ ਕਾਉਂਕੇ ਕਲਾਂ ਨੇ ਇਹ ਪ੍ਰਾਪਤੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਸਟਾਫ਼ ਉਪਰ ਬਹੁਤ ਮਾਣ ਹੈ ਅਤੇ ਇਸੇ ਤਰਾਂ ਹੀ ਉਹ ਆਪਣੇ ਸਕੂਲ ਨੂੰ ਹੋਰ ਬੁਲੰਦੀਆਂ ਉਪਰ ਲਿਜਾਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮਾਣਮੱਤੀ ਪ੍ਰਾਪਤੀ ‘ਤੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਕੂਲ ਦੇ ਮੁੱਖ ਅਧਿਆਪਕਾ ਪੂਜਾ ਵਰਮਾਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਨੇ ‘ਸਰਵ-ਉਤਮ’ ਸਕੂਲ ਦਾ ਐਵਾਰਡ ਜਿੱਤ ਕੇ ਜਿੱਥੇ ਸਕੂਲ ਦੇ ਅਧਿਆਪਕਾਂ ਨੇੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ, ਉਥੇ ਹੀ ਹਲਕਾ ਜਗਰਾਉਂ ਦਾ ਨਾਮ ਵੀ ਪੰਜਾਬ ਭਰ ਵਿੱਚ ਰੌਸ਼ਨ ਕੀਤਾ ਹੈ। ਉਹਨਾਂ ਆਖਿਆ ਕਿ ਅਧਿਆਪਕ ਸਮਾਜ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੇ ਹਨ ਅਤੇ ਚੰਗੇ ਅਧਿਆਪਕ ਵਿਦਿਆਰਥੀਆਂ ਦਾ ਭਵਿੱਖ ਬਨਾਉਣ ਲਈ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਆਪਣੇ ਸਕੂਲ ਨੂੰ ਵੀ ਬੁਲੰਦੀਆਂ ਉਪਰ ਪਹੁੰਚਾ ਦਿੰਦੇ ਹਨ। ਬੀਬੀ ਮਾਣੂੰਕੇ ਨੇ ਆਖਿਆ ਕਿ ਕਾਉਂਕੇ ਕਲਾਂ ਸਕੂਲ ਦੀ ਚੋਣ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ, ਕਮਿਊਨਿਟੀ ਭਾਗੀਦਾਰੀ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਅਨੁਸਾਰ ਨਿਰੋਲ ਮੈਰਿਟ ਦੇ ਅਧਾਰ ‘ਤੇ ਹੋਈ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਆਗਾਮੀ ਸੈਸ਼ਨ ਤੋਂ ਸੂਬਾ ਪੱਧਰੀ ‘ਸਰਬੋਤਮ ਸਕੂਲ ਪੁਰਸਕਾਰ’ ਸ਼ੁਰੂ ਕਰਨ ਜਾ ਰਹੀ ਹੈ। ਬੀਬੀ ਮਾਣੂੰਕੇ ਨੇ ਹਲਕੇ ਦੇ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਰੋਲ ਮਾਡਲ ਬਣੇ ਕੰਨਿਆਂ ਸਕੂਲ ਕਾਉਂਕੇ ਕਲਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਸਕੂਲਾਂ ਨੂੰ ਵੀ ਮੋਹਰੀ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਹੋਣ। ਇਸ ਮੌਕੇ ਵਿਧਾਇਕਾ ਮਾਣੂੰਕੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਅਤੇ ਸਮੂਹ ਕਾਉਂਕੇ ਕਲਾਂ ਨਿਵਾਸੀਆਂ ਨੂੰ ਇਸ ਵੱਡੀ ਪ੍ਰਾਪਤੀ ਉਪਰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਸਕੂਲ ਦੇ ਸਟਾਫ਼ ਗੀਤਾ ਰਾਣੀ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ, ਅਮਨਦੀਪ ਕੌਰ, ਕੋਮਲ ਅਰੋੜਾ, ਰਣਬੀਰ ਕੌਰ, ਰਾਧਾ ਰਾਣੀ, ਸ਼ਬਨਮ ਰਤਨ, ਗੁਰਿੰਦਰ ਕੌਰ, ਚਰਨਜੀਤ ਕੌਰ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ ਕਿੱਟੂ ਮੱਲ੍ਹਾ, ਇਕਬਾਲ ਸਿੰਘ, ਕੁਲਦੀਪ ਸਿੰਘ ਢੋਲਣ, ਗੌਰਵ ਗੁਪਤਾ, ਸਵਰਨ ਸਿੰਘ ਆਦਿ ਵੱਲੋਂ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

Related posts

ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ: ਜਥੇਦਾਰ ਗਿਆਨੀ ਰਘਬੀਰ ਸਿੰਘ

admin

ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ: ਦਲ ਖਾਲਸਾ

admin

ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਸ਼ਾਮ 22 ਨੂੰ ਹੋਵੇਗੀ: ਅਰੋੜਾ

admin