ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਦੇ ਸਹਿਯੋਗ ਨਾਲ ‘ਕਾਰੋਬਾਰੀ ਯੋਜਨਾਵਾਂ’ ਸਬੰਧੀ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਅਗਵਾਈ ਹੇਠ ਕੋਆਰਡੀਨੇਟਰ ਡਾ. ਸਵਰਾਜ ਕੌਰ, ਸਹਿ-ਸੰਯੋਜਕ ਡਾ. ਮਨੀਸ਼ਾ ਬਹਿਲ, ਪ੍ਰੋ. ਸ਼ੀਤਲ ਅਤੇ ਪ੍ਰੋ. ਤੁਸ਼ਾਰ ਬੱਤਰਾ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਵੱਡਮੁੱਲਾ ਯੋਗਦਾਨ ਪਾਇਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਕੇ ਉਨ੍ਹਾਂ ’ਚ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਡਾ. ਕਾਹਲੋਂ ਨੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ’ਚ ਉੱਦਮਤਾ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਵਾਲੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਸਵਰਾਜ ਕੌਰ ਨੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰੀ ਸੂਝ-ਬੂਝ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਧਾਉਣ ਲਈ ਅਜਿਹੇ ਸਮਾਗਮਾਂ ’ਚ ਸਰਗਰਮੀ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਆਈ. ਆਈ. ਸੀ. ਪ੍ਰਧਾਨ ਡਾ. ਗੁਰਸ਼ਰਨ ਕੌਰ ਅਤੇ ਡਾ. ਦੀਪਕ ਦੇਵਗਨ ਨੇ ਮੁਕਾਬਲੇ ਲਈ ਜੱਜਾਂ ਵਜੋਂ ਸੇਵਾ ਨਿਭਾਈ। ਇਸ ਮੌਕੇ ਡਾ. ਗੁਰਸ਼ਰਨ ਕੌਰ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਅੰਤਰ-ਵਿਅਕਤੀਗਤ, ਭਾਵਨਾਤਮਕ ਬੁੱਧੀ ਅਤੇ ਹੋਰ ਜ਼ਰੂਰੀ ਹੁਨਰ ਵਿਕਸਿਤ ਕੀਤੇ ਜਾ ਸਕਣ। ਇਸ ਮੌਕੇ ਡਾ. ਦੇਵਗਨ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਉੱਦਮੀ ਸੋਚ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਉੱਦਮੀ ਬਣਨ ਦੀ ਇੱਛਾ ਰੱਖਣ ਵਾਲਿਆਂ ਲਈ ਉੱਦਮੀ ਮਾਨਸਿਕਤਾ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ।
ਇਸ ਸਬੰਧੀ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਉਕਤ ਮੁਕਾਬਲੇ ’ਚ ਕਾਮਰਸ ਵਿਭਾਗ ਦੀਆਂ 9 ਟੀਮਾਂ ਦੇ ਕਰੀਬ 24 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਮਕਾਲੀ ਬਾਜ਼ਾਰ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਨਤਾਕਾਰੀ ਕਾਰੋਬਾਰੀ ਯੋਜਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਸਿਮਰ ਕੌਰ ਅਤੇ ਮਨਤਾਜ ਕੌਰ ਦੀ ਟੀਮ ਨੰ. 8 ਨੇ ਕਰੋਸ਼ੀਆ ਨਾਲ ਘਰੇਲੂ ਸਜਾਵਟ ਪੇਸ਼ ਕੀਤੀ ਅਤੇ ਪਹਿਲਾ ਇਨਾਮ ਜਿੱਤਿਆ। ਜਦਕਿ ਰਣਦੀਪ, ਰਿਸ਼ਭ, ਜਸਕਰਨ ਸਿੰਘ ਅਤੇ ਪ੍ਰਬਿਨਦੀਪ ਸਿੰਘ ਟੀਮ ਨੰ. 7 ਨੇ ਪੇਸ਼ ਕੀਤੀਆਂ ਖੇਡਾਂ ’ਚ ਦੂਜਾ ਇਨਾਮ ਜਿੱਤਿਆ ਅਤੇ ਟੀਮ ਨੰ. 3 (ਸਨੇਹ) ਨੇ ਪੇਸ਼ ਕੀਤੇ ਘਰੇਲੂ ਬੇਕ ਕੇਕ ਨੇ ਮੁਕਾਬਲੇ ’ਚ ਤੀਜਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ: ਮੀਨੂ ਚੋਪੜਾ, ਡਾ. ਨਵਪ੍ਰੀਤ ਕੌਰ ਸਮੇਤ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।