ਫ਼ਸਲਾਂ ਦੇ ਘੱਟ-ਘੱਟ ਸਮਰਥਨ ਮੁੱਲ ਸਣੇ ਕਿਸਾਨੀ ਦੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਦੀ ਟੀਮ ਨਾਲ ਪੰਜਵੇਂ ਗੇੜ ਦੀ ਗੱਲਬਾਤ ਤਿੰਨ ਘੰਟੇ ਚੱਲੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਇਸ ਮੀਟਿੰਗ ਦੇ ਵਿੱਚ ਕੇਂਦਰੀ ਟੀਮ ਦੀ ਅਗਵਾਈ ਖ਼ਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੀਤੀ ਜਦਕਿ ਦੋ ਕਿਸਾਨ ਫੋਰਮਾਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ। ਡੱਲੇਵਾਲ ਨੂੰ ਇਕ ਐਂਬੂਲੈਂਸ ਵਿੱਚ ਚੰਡੀਗੜ੍ਹ ਲਿਆਂਦਾ ਗਿਆ। ਇਨ੍ਹਾਂ ਦੋਹਾਂ ਆਗੂਆਂ ਤੋਂ ਇਲਾਵਾ 26 ਹੋਰ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਅਗਲੀ ਮੀਟਿੰਗ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਹੋੇਵਗੀ। ਸ਼ਿਵਰਾਜ ਸਿੰਘ ਚੌਹਾਨ ਆਪਣੇ ਪੁੱਤਰ ਦੇ ਵਿਆਹ ਕਾਰਨ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਅੱਜ ਦੀ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ 14-14 ਪ੍ਰਤੀਨਿਧ ਸ਼ਾਮਲ ਹੋਏ। ਕੇਂਦਰੀ ਮੰਤਰੀ ਜੋਸ਼ੀ ਨਾਲ ਕੇਂਦਰੀ ਖੇਤੀ ਸਕੱਤਰ ਦਵੇਸ਼ ਚਤੁਰਵੇਦੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਟੀਮ ਸ਼ਾਮਲ ਸੀ ਜਦਕਿ ਪੰਜਾਬ ਸਰਕਾਰ ਦੇ ਦੋ ਮੰਤਰੀ ਖੁੱਡੀਆਂ ਅਤੇ ਕਟਾਰੂਚੱਕ ਨਾਲ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਡੀ.ਜੀ.ਪੀ. ਗੌਰਵ ਯਾਦਵ ਆਦਿ ਸ਼ਾਮਲ ਹੋਏ।
ਪੰਜਵੇਂ ਗੇੜ ਦੀ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫ਼ਦ ਨਾਲ ਮੀਟਿੰਗ ਲਈ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਚੰਡੀਗੜ੍ਹ ਪੁੱਜੇ। ਇਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਮੰਤਰੀ ਜੋਸ਼ੀ ਦਾ ਚੰਡੀਗੜ੍ਹ ਪੁੱਜਣ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਵਜ਼ੀਰਾਂ ਨੇ ਕੇਂਦਰੀ ਮੰਤਰੀ ਨਾਲ ਕਿਸਾਨੀ ਮਸਲਿਆਂ ’ਤੇ ਗੱਲਬਾਤ ਕੀਤੀ। ਅੱਜ ਦੀ ਗੱਲਬਾਤ ਵਿੱਚ ਕਿਸਾਨਾਂ ਦੀ ਤਰਫੋਂ 28 ਕਿਸਾਨ ਆਗੂ ਇਸ ਵਿੱਚ ਸ਼ਾਮਲ ਹੋਏ ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਤੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਣ ਸਿੰਘ ਪੰਧੇਰ ਨੇ ਕੀਤੀ।
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਖਨੌਰੀ ਬਾਰਡਰ ’ਤੇ 81 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਚਾਰ ਘੰਟੇ ਦੇ ਸਫ਼ਰ ’ਚ ਐਂਬੂਲੈਂਸ ਰਾਹੀਂ ਡਾਕਟਰਾਂ ਦੀ ਟੀਮ ਦੀ ਮੌਜੂਦਗੀ ’ਚ ਲਿਆਂਦਾ ਗਿਆ। ਮੀਟਿੰਗ ਵਾਲੇ ਸਥਾਨ ਮਹਾਤਮਾ ਗਾਂਧੀ ਟਰੇਨਿੰਗ ਇੰਸਟੀਚਿਊਟ ਵਿਖੇ ਪਹੁੰਚਣ ਤੋਂ ਬਾਅਦ ਉਹ ਸਟਰੈਚਰ ਰਾਹੀਂ ਮੀਟਿੰਗ ’ਚ ਸ਼ਾਮਲ ਹੋਏ। ਉਨ੍ਹਾਂ ਨੇ ਵੀਲ੍ਹ ਚੇਅਰ ’ਤੇ ਬੈਠ ਕੇ ਮੀਟਿੰਗ ’ਚ ਅਪਣੇ ਵਿਚਾਰ ਪੇਸ਼ ਕੀਤੇ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਜਗਜੀਤ ਸਿੰਘ ਡੱਲੇਵਾਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਅੱਜ ਦੀ ਗੱਲਬਾਤ ਕਾਫ਼ੀ ਵਧੀਆ ਮਾਹੌਲ ’ਚ ਹੋਈ ਹੈ। ਖਨੌਰੀ ਮੋਰਚੇ ਦੇ ਪ੍ਰਮੁੱਖ ਆਗੂ ਅਭਿਮਨਿਊ ਕੋਹਾੜ ਨੇ ਦਸਿਆ ਕਿ ਕਿਸਾਨ ਆਗੂਆਂ ਨੇ ਮੀਟਿੰਗ ’ਚ ਐਮ.ਐਸ.ਪੀ. ਦੇ ਗਾਰੰਟੀ ਕਾਨੂੰਨ ਬਾਰੇ ਪੂਰੇ ਛੱਥਾਂ ’ਤੇ ਦਸਤਾਵੇਜ਼ਾਂ ਨਾਲ ਪੱਖ ਰਖਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਨੇ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਸਪੱਸ਼ਟ ਤੌਰ ’ਤੇ ਕਿਹਾ, ‘‘ਸਿਹਤ ਦੀ ਚਿੰਤਾ ਲਈ ਧੰਨਵਾਦ ਪਰ ਮਰਨ ਵਰਤ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਨ ਤਕ ਜਾਰੀ ਰਹੇਗਾ।’’
ਕਿਸਾਨ-ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ’ਚ ਜਿਥੇ ਕੇਂਦਰੀ ਮੰਤਰੀ ਅਤੇ ਅਧਿਕਾਰੀਆਂ ਨੇ ਕੇਂਦਰ ਵਲੋਂ ਕਿਸਾਨਾਂ ਲਈ ਲਾਗੂ ਸਕੀਮਾਂ ਦੇ ਅੰਕੜੇ ਪੇਸ਼ ਕੀਤੇ ਉਥੇ ਕਿਸਾਨ ਆਗੂਆਂ ਨੇ ਵੀ ਅਪਣੀਆਂ ਮੰਗਾਂ ਬਾਰੇ ਪੂਰੇ ਤੱਥਾ ਅਤੇ ਦਲੀਲਾਂ ਨਾਲ ਅਪਣੇ ਵਿਚਾਰ ਰੱਖੇ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਕਿਸਾਨ ਸਰਕਾਰ ਦੇ ਖੇਤੀਬਾੜੀ ਮੰਡੀਕਰਨ ਲਈ ਕੌਮੀ ਨੀਤੀ ਢਾਂਚੇ (ਐਨ.ਪੀ.ਐਫ.ਏ.ਐਮ.) ਦੇ ਵਿਰੋਧ ’ਚ 24 ਤੋਂ 26 ਮਾਰਚ ਤਕ ਪਟਨਾ ’ਚ ਵੱਡੇ ਪੱਧਰ ’ਤੇ ਧਰਨੇ ’ਤੇ ਬੈਠਣਗੇ। ਖਰੜਾ ਨੀਤੀ ਅਨੁਸਾਰ, ਇਸ ਦਾ ਉਦੇਸ਼ ‘ਦੇਸ਼ ’ਚ ਇਕ ਜੀਵੰਤ ਮਾਰਕੀਟਿੰਗ ਈਕੋਸਿਸਟਮ ਬਣਾਉਣਾ ਹੈ ਜਿਸ ’ਚ ਸਾਰੀਆਂ ਸ਼੍ਰੇਣੀਆਂ ਦੇ ਕਿਸਾਨ ਅਪਣੀ ਉਪਜ ਲਈ ਸੱਭ ਤੋਂ ਵਧੀਆ ਕੀਮਤ ਪ੍ਰਾਪਤ ਕਰਨ ਲਈ ਅਪਣੀ ਪਸੰਦ ਦਾ ਬਾਜ਼ਾਰ ਲੱਭਣ।’ ਬਿਹਾਰ ਦੇ ਮਸੌੜੀ ’ਚ 11 ਫ਼ਰਵਰੀ ਨੂੰ ਹੋਈ ਮਹਾਪੰਚਾਇਤ ’ਚ 24 ਤੋਂ 26 ਮਾਰਚ ਤਕ ਪਟਨਾ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਦੀਆਂ ਮੰਗਾਂ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਐਨ.ਪੀ.ਐਫ.ਏ.ਐਮ. ਨੂੰ ਰੱਦ ਕਰਨ ਲਈ ਵਿਧਾਨ ਸਭਾ ’ਚ ਮਤਾ ਪਾਸ ਕਰਨ ਦੀ ਮੰਗ ਕਰਨਾ, ਗਾਰੰਟੀਸ਼ੁਦਾ ਖਰੀਦ ਦੇ ਨਾਲ ਸੀ 2 + 50 ਫ਼ੀ ਸਦੀ ਐਮ.ਐਸ.ਪੀ. ਪ੍ਰਾਪਤ ਕਰਨਾ ਅਤੇ ਵਿਆਪਕ ਕਰਜ਼ਾ ਮੁਆਫੀ ਸਮੇਤ ਹੋਰ ਮੰਗਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਿਹਾਰ ’ਚ ਆਬਾਦੀ ਦਾ ਸੱਭ ਤੋਂ ਵੱਧ ਹਿੱਸਾ ਖੇਤੀਬਾੜੀ ’ਤੇ ਨਿਰਭਰ ਕਰਦਾ ਹੈ ਪਰ ਨਿਤੀਸ਼ ਕੁਮਾਰ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਵਿਕਾਸ ਪ੍ਰਤੀ ਬੇਹੱਦ ਅਸੰਵੇਦਨਸ਼ੀਲ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ 24 ਤੋਂ 26 ਮਾਰਚ ਤੱਕ ਪਟਨਾ ’ਚ ਧਰਨੇ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਫ਼ਰਵਰੀ ਅਤੇ ਮਾਰਚ ’ਚ ਨਿਤੀਸ਼ ਕੁਮਾਰ ਸਰਕਾਰ ਦੀਆਂ ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਪਿੰਡਾਂ ’ਚ ਵਿਆਪਕ ਮੁਹਿੰਮ ਚਲਾਈ ਜਾਵੇਗੀ।