ਬਠਿੰਡਾ – ਪਿੰਡ ਕੋਟਸ਼ਮੀਰ ’ਚ ਕਿਸਾਨਾਂ ਵੱਲੋਂ ਜਿੱਤ ਦੀ ਖੁਸ਼ੀ ਦਾ ਜਸ਼ਨ ਨਵੇਂ ਢੰਗ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਬੁੱਤ ਬਣਾ ਕੇ ਉਸ ਦਾ ਇਕ ਕਿਸਾਨ ਨਾਲ ਵਿਆਹ ਕਰ ਦਿੱਤਾ। ਇਸ ਦੌਰਾਨ ਬਾਕਾਇਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਗਿਆ।ਪਿੰਡ ਦੀਆਂ ਔਰਤਾਂ ਨੇ ਗਿੱਧਾ ਪਾਇਆ ਤੇ ਵਿਆਹ ਦੇ ਗੀਤ ਗਾਏ। ਪਿੰਡ ਦੇ ਇਕ ਕਿਸਾਨ ਨੇ ਲਾੜੇ ਦਾ ਕਿਰਦਾਰ ਨਿਭਾਇਆ ਤੇ ਬਰਾਤ ਦੇ ਰੂਪ ਵਿਚ ਕੋਟਸ਼ਮੀਰ ਪਹੁੰਚੇ ਜਿੱਥੇ ਬਾਲੀਵੁੱਡ ਅਦਾਕਾਰਾ ਦਾ ਬੁੱਤ ਬਣਾ ਕੇ ਉਸ ਨੂੰ ਲਾੜੀ ਵਾਂਗ ਸਜਾਇਆ ਗਿਆ, ਜਿਸ ਤੋਂ ਬਾਅਦ ਵਿਆਹ ਰੂਪੀ ਨਾਟਕ ਵੀ ਖੇਡਿਆ ਗਿਆ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਸੰਘਰਸ਼ ਸ਼ੁਰੂ ਤੋਂ ਲੈ ਕੇ ਹੁਣ ਤਕ ਅਦਾਕਾਰਾ ਕਿਸਾਨਾਂ ਖ਼ਿਲਾਫ ਕਾਫ਼ੀ ਭੜਕਾਊ ਬਿਆਨਬਾਜ਼ੀ ਕਰ ਰਹੀ ਹੈ।ਇਸ ਦੇ ਚੱਲਦਿਆਂ ਹੁਣ ਉਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਦਾ ਕਿਸਾਨ ਜਿਸ ਗੱਲ ’ਤੇ ਅੜ ਜਾਂਦਾ ਹੈ, ਉਹ ਪੂਰੀ ਕਰਕੇ ਹੀ ਰਹਿੰਦਾ ਹੈ ਜਦਕਿ ਇਕ ਸਾਲ ਚੱਲੇ ਸੰਘਰਸ਼ ਦੌਰਾਨ 800 ਤੋਂ ਵੱਧ ਕਿਸਾਨ ਮਰ ਚੁੱਕੇ ਹਨ ਪਰ ਕੰਗਨਾ ਕਿਸਾਨਾਂ ਖ਼ਿਲਾਫ਼ ਆਪਣੀ ਬਿਆਨਬਾਜ਼ੀ ਕਰਦੀ ਰਹੀ ਜਿਸ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ ਗਿਆ ਹੈ।