ਮਾਨਸਾ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਨੇੜਲੇ ਪਿੰਡ ਜਵਾਹਰਕੇ ਦੇ ਕਿਸਾਨਾਂ ਵੱਲੋਂ ਧਰਨਾ ਲਾ ਕੇ ਟਾਟਾ ਕਾਰ ਕੰਪਨੀ ਮਾਨਸਾ ਦੇ ਸ਼ੋਅ ਰੂਮ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਜਥੇਬੰਦੀ ਦੇ ਮਾਨਸਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਜਵਾਹਰਕੇ ਪਿੰਡ ਦੇ ਸੁਖਵਿੰਦਰ ਸਿੰਘ ਨੇ 1 ਜੁਲਾਈ 2024 ਨੂੰ ਟਾਟਾ ਕੰਪਨੀ ਦੀ ਨਵੀਂ ਨੈਕਸਨ ਕਾਰ ਖਰੀਦੀ ਸੀ ਪਰ 7 ਮਹੀਨੇ ਦੇ ਅੰਦਰ ਹੀ ਕਾਰ ਦੀਆਂ ਤਾਕੀਆਂ ਅੰਦਰ ਅਤੇ ਬੋਰਨਟ ਦੇ ਕੁੱਝ ਹਿੱਸਿਆਂ ਨੂੰ ਜੰਗਾਲ ਲੱਗ ਚੁੱਕੀ ਹੈ। ਇਸ ਮਸਲੇ ਨੂੰ ਲੈ ਕੇ ਜਥੇਬੰਦੀ ਦੇ ਆਗੂ ਟਾਟਾ ਕੰਪਨੀ ਦੇ ਮੈਨੇਜਰ ਨੂੰ ਵਾਰ-ਵਾਰ ਮਿਲ ਚੁੱਕੇ ਹਨ ਪਰ ਸਿਵਾਏ ਲਾਰਿਆਂ ਦੇ ਕੁੱਝ ਨਹੀਂ ਮਿਲਿਆ। ਕਿਸਾਨ ਆਗੂਆਂ ਦੋਸ਼ ਲਾਇਆ ਕਿ ਕੰਪਨੀ ਵੱਲੋਂ ਇਹ ਪੁਰਾਣੀ ਕਾਰ ਰੰਗ ਕਰਕੇ ਸੇਲ ਕੀਤੀ ਗਈ ਹੈ। ਇਸ ਕਰਕੇ ਇੰਨੀ ਜਲਦੀ ਕਾਰ ਨੂੰ ਜੰਗਾਲ ਲੱਗ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੱਡੀ ਸਟਾਰਟ ਕਰਨ ਦੌਰਾਨ ਆਟੋਮੈਟਿਕ ਲਾਕ ਹੋ ਜਾਂਦੀ ਹੈ ਅਤੇ ਬੈਟਰੀ ਵੀ ਡੈਡ ਹੋਣ ਕਰਕੇ ਦੁਬਾਰਾ ਬਦਲ ਕੇ ਦਿੱਤੀ ਗਈ ਹੈ। ਕਿਸਾਨ ਆਗੂਆਂ ਕਿਹਾ ਕਿ ਉਨਾਂ ਕਾਰ ਨਵੀਂ ਖਰੀਦੀ ਸੀ ਪਰ ਜਿਸ ਦੇ ਵਾਰ-ਵਾਰ ਕੰਪਨੀ ਵੱਲੋਂ ਕਾਰ ਦੀ ਰਿਪੇਅਰ ਕਰਕੇ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਨਵੀਂ ਕਾਰ ਖਰੀਦਣ ਨਾਲ 5-7 ਸਾਲ ਕਾਰ ਦਾ ਨਟ ਖੋਲ੍ਹਣ ਦੀ ਵੀ ਲੋੜ ਨਹੀਂ ਪੈਂਦੀ ਪਰ ਇੱਥੇ 3 ਵਾਰ ਕਾਰ ਖਰਾਬ ਹੋ ਕੇ ਵਰਕਸ਼ਾਪ ਵਿੱਚ ਆ ਚੁੱਕੀ ਹੈ। ਕਿਸਾਨ ਆਗੂਆਂ ਮੰਗ ਕੀਤੀ ਕਿ ਪੁਰਾਣੀ ਕਾਰ ਬਦਲ ਕੇ ਗਾਹਕ ਨੂੰ ਨਵੀਂ ਕਾਰ ਦਿੱਤੀ ਜਾਵੇ. ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਸੁਰਜੀਤ ਸਿੰਘ ਕੋਟਲੱਲੂ, ਗੁਰਦੀਪ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ, ਜਸਵੰਤ ਸਿੰਘ ਉਭਾ ਨੇ ਵੀ ਸੰਬੋਧਨ ਕੀਤਾ।