ਪਟਿਆਲਾ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਸ਼ੰਭੂ, ਖਨੌਰੀ ਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਉੱਤੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਪੈਦਲ ਦਿੱਲੀ ਵੱਲ ਕੂਚ ਕਰ ਰਹੇ ਜਥਿਆਂ ਉੱਤੇ ਹਕੂਮਤ ਵੱਲੋਂ ਵਹਿਸ਼ੀ ਜ਼ਬਰ ਤੇ ਦੇਸ਼ ਦੇ ਸੰਵਿਧਾਨ ਦੁਆਰਾ ਬੋਲਣ ਤੇ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੁੱਟਦਿਆਂ ਕਿਸਾਨਾਂ ਮਜ਼ਦੂਰਾਂ ਨੂੰ ਵੱਖਰੇ ਦੇਸ਼ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਸ ਲਈ ਮੋਦੀ ਸਰਕਾਰ ਦਾ ਅੱਤਿਆਚਾਰੀ ਚਿਹਰਾ ਬੇਨਕਾਬ ਕਰਨ ‘ਤੇ 25 ਨਵੰਬਰ ਨੂੰ ਪਹਿਲੇ ਦਿੱਲੀ ਅੰਦੋਲਨ ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਂ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਭੇਜਣ ਖਿਲਾਫ ਦੋਵਾਂ ਫੋਰਮਾ ਵੱਲੋਂ 18 ਦਸੰਬਰ ਨੂੰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਫਲ ਕਰਨ ਲਈ ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕਿਸਾਨ ਆਗੂ ਨੇ ਦਿੱਲੀ ਅੰਦੋਲਨ 2 ਨੂੰ ਸਾਰੇ ਸਮਾਜ ਨੂੰ ਬਚਾਉਣ ਦਾ ਸੰਘਰਸ਼ ਦੱਸਦਿਆਂ ਕਿਹਾ ਕਿ ਕੇਂਦਰ ਦੀ ਹਕੂਮਤ ਖੇਤੀ ਮੰਡੀ ਖਤਮ ਕਰਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਨ ਅਤੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਕੇ ਸਸਤੀ ਲੇਬਰ ਵਿਚ ਤਬਦੀਲ ਕਰਨ ਦੇ ਏਜੰਡੇ ’ਤੇ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਤੇ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਾਰਪੋਰੇਟ ਦੇ ਹੱਲੇ ਅੱਗੇ ਹੱਥ ਬੰਨ੍ਹ ਕੇ ਖੜੀਆਂ ਹਨ। ਇਸ ਲਈ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਸੀ ਏਕਾ ਬਣਾ ਕੇ ਤਿੱਖੇ ਸੰਘਰਸ਼ ਦਾ ਰਾਹ ਚੁਣਨ।
ਕਿਸਾਨ ਆਗੂ ਸਤਨਾਮ ਸਿੰਘ ਪਨੂੰ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ 9 ਥਾਵਾਂ ’ਤੇ, ਗੁਰਦਾਸਪੁਰ ਵਿਚ 3, ਹੁਸ਼ਿਆਰਪੁਰ ਵਿਚ 1, ਪਠਾਨਕੋਟ ਵਿਚ 1, ਕਪੂਰਥਲਾ 2, ਜਲੰਧਰ 1, ਤਰਨਤਾਰਨ 1, ਫਿਰੋਜ਼ਪੁਰ 3, ਮੋਗਾ 2, ਮੁਕਤਸਰ ਸਾਹਿਬ 1, ਫਰੀਦਕੋਟ 1, ਲੁਧਿਆਣਾ 1, ਰੋਪੜ 1, ਪਟਿਆਲਾ 1, ਬਠਿੰਡਾ 1, ਫਾਜ਼ਿਲਕਾ 1 ਅਤੇ ਨਵਾਂਸ਼ਹਿਰ ਵਿਚ ਇਕ ਜਗ੍ਹਾ ’ਤੇ ਵਿਸ਼ਾਲ ਧਰਨੇ ਲੱਗਣਗੇ। ਇਸ ਰੇਲ ਰੋਕੋ ਐਕਸ਼ਨ ਵਿਚ ਪੰਜਾਬ ਭਰ ਤੋਂ ਲੱਖਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਖੇਤੀ ਮੰਡੀ ਨਾਲ ਸਬੰਧਤ ਸਾਰੇ ਵਰਗ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਸ਼ਾਮਿਲ ਹੋਣਗੇ।