ਨਵੀਂ ਦਿੱਲੀ – ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 26 ਨਵੰਬਰ ਤਕ ਦੀ ਮੁਹਲਤ ਦਿੰਦੇ ਹੋਏ ਨਵਾਂ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕਿਸਾਨ ਦਿੱਲੀ ‘ਚ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਟਿਕੈਤ ਨੇ ਕਿਹਾ ਕਿ 27 ਨਵੰਬਰ ਤੋਂ ਕਿਸਾਨ ਪਿੰਡਾਂ ਤੋਂ ਟ੍ਰੈਕਟਰਾਂ ਤੋਂ ਦਿੱਲੀ ਦੇ ਚੁਫੇਰਿਓਂ ਅੰਦੋਲਨ ਵਾਲੀਆਂ ਥਾਵਾਂ ਤੋਂ ਬਾਰਡਰ ‘ਤੇ ਪਹੁੰਚਗਣ ਤੇ ਪੱਕੀ ਕਿਲੇਬੰਦੀ ਦੇ ਨਾਲ ਅੰਦੋਲਨ ਮਜ਼ਬੂਤ ਕਰਨਗੇ ਤੇ ਅੰਦੋਲਨ ਵਾਲੀ ਥਾਂ ‘ਤੇ ਤੰਬੂਆਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟਿਕੈਤ ਨੇ ਕਿਹਾ ਸੀ ਕਿ ਦਿੱਲੀ ਦੀਆਂ ਹੱਦਾਂ ਤੋਂ ਜੇਕਰ ਕਿਸਾਨਾਂ ਨੂੰ ਜਬਰਨ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਕਾਰੀ ਦਫ਼ਤਰਾਂ ਨੂੰ ਅਸੀ ਗੱਲਾ ਮੰਡੀ ‘ਚ ਤਬਦੀਲ ਕਰ ਦੇਣਗੇ। ਦਿੱਲੀ ਦੇ ਗਾਜ਼ੀਪੁਰ ਤੇ ਟਿੱਕਰੀ ਬਾਰਡਰ ਤੋਂ ਬੈਰੀਕੇਡ ਹਟਾਉਣ ਤੇ ਰਸਤਾ ਪੂਰੀ ਤਰ੍ਹਾਂ ਖੋਲ੍ਹਣ ਸਬੰਧੀ ਕਿਸਾਨ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਰੇੜਕੇ ਦੌਰਾਨ ਰਾਕੇਸ਼ ਟਿਕੈਤ ਨੇ ਇਹ ਚਿਤਾਵਨੀ ਦਿੱਤੀ ਹੈ।ਟਿਕੈਤ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਦੋ ਦਿਨਾਂ ਅੰਦਰ ਇਹ ਦੂਸਰੀ ਚਿਤਾਵਨੀ ਦਿੱਤੀ ਹੈ। ਕੱਲ੍ਹ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸਾਨਾਂ ਨੂੰ ਜਬਰਨ ਹਟਾਇਆ ਗਿਆ ਤਾਂ ਅਸੀਂ ਸਰਕਾਰੀ ਦਫ਼ਤਰਾਂ ਨੂੰ ਅਨਾਜ ਮੰਡੀ ਬਣਾ ਦਿਆਂਗੇ। ਪਰ ਦਿੱਲੀ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਕਿਸਾਨ ਦੇ ਟੈਂਟ ਨੂੰ ਨਹੀੰ ਹਟਾਇਆ ਗਿਆ ਹੈ। ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਸਾਲ 26 ਨਵੰਬਰ ਤੋਂ ਹੀ ਕਿਸਾਨ ਦਿੱਲੀ ਦੀ ਸਰਹੱਦ ‘ਤੇ ਡਟੇ ਹਨ ਤੇ ਅੰਦੋਲਨ ਕਰਦੇ ਹੋਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।