ਸੋਨੀਪਤ – ਕਿਸਾਨ ਅੰਦੋਲਨ ਵਾਪਸ ਲਏ ਜਾਣ ਦੇ ਇਕ ਦਿਨ ਬਾਅਦ ਹੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਐੱਮਐੱਸਪੀ ਗਾਰੰਟੀ ਕਾਨੂੰਨ ਬਣਨ ਤਕ ਅੰਦੋਲਨ ਜਾਰੀ ਰੱਖਣ ਲਈ ਸੰਯੁਕਤ ਕਿਸਾਨ ਮੋਰਚਾ ’ਤੇ ਦਬਾਅ ਬਣਾਉਣ ਲਈ ਪੰਜ ਦਸੰਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਕੁਝ ਕਿਸਾਨਾਂ ਨੇ ਅੰਦੋਲਨ ਖ਼ਤਮ ਕਰਨ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਮੋਰਚੇ ਦੇ ਨੇਤਾਵਾਂ ’ਤੇ ਗੰਭੀਰ ਦੋਸ਼ ਲਾਏ ਹਨ। ਮੁੱਖ ਮੰਚ ਦੇ ਕੋਲ ਹੀ ਭੁੱਖ ਹੜਤਾਲ ਕਰ ਰਹੇ ਇਨ੍ਹਾਂ ਕਿਸਾਨਾਂ ਦਾ ਕਹਿਮਾ ਹੈ ਕਿ ਨਾ ਤਾਂ ਐੱਮਐੱਸਪੀ ਗਾਰੰਟੀ ਕਾਨੂੰਨ ਮਿਲਿਆ ਹੈ ਤੇ ਨਾ ਹੀ ਕਿਸਾਨਾਂ ਦੇ ਕੇਸ ਵਾਪਸ ਹੋਏ ਹਨ। ਅਜਿਹੇ ਵਿਚ ਅੰਦੋਲਨ ਵਾਪਸ ਕਿਸ ਦਬਾਅ ਜਾਂ ਲਾਲਚ ਵਿਚ ਲਿਆ ਗਿਆ, ਇਹ ਸਾਰੇ ਸਮਝਦੇ ਹਨ। ਮੁੱਖ ਮੰਚ ਕੋਲ ਭੁੱਖ ਹੜਤਾਲ ’ਤੇ ਬੈਠੇ ਸਤਨਾਮ ਸਿੰਘ, ਬਿਕਰਮਜੀਤ ਸਿੰਘ, ਸੁਖਬੀਰ ਬਿਚਪੜੀ ਆਦਿ ਨੇ ਕਿਹਾ ਕਿ ਸ਼ੁਰੂਆਤ ਤੋਂ ਹੀ ਉਨ੍ਹਾਂ ਦੀ ਮੰਗ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਐੱਮਐੱਸਪੀ ਗਾਰੰਟੀ ਕਾਨੂੰਨ ਦੀ ਰਹੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਸਾਲ ਭਰ ਤੋਂ ਅੰਦੋਲਨ ਕਰ ਰਹੇ ਹਨ।