ਫਿਰੋਜ਼ਪੁਰ – ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣਗੇ। ਉਨ੍ਹਾਂ ਦਾ ਫਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਲਈ ਕਿਸੇ ਅਹਿਮ ਪੈਕੇਜ ਦਾ ਐਲਾਨ ਕਰਨ ਦੀ ਸੰਭਾਵਨਾ ਵੀ ਹੈ। ਇਸ ’ਚ ਸਨਅਤਾਂ ਜਾਂ ਖੇਤੀ ਖੇਤਰ ਨੂੰ ਰਾਹਤ ਵੀ ਦਿੱਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰੂ ਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਜੁਆਇੰਨ ਕੀਤੀ ਸੀ। ਉਸ ਸਮੇ ਉਨ੍ਹਾਂ ਹੁਸੈਨੀਵਾਲਾ ਬਾਰਡਰ ਖੁਲ੍ਹਵਾਉਣ ਬਾਰੇ ਕਿਹਾ ਸੀ। ਪ੍ਰਧਾਨ ਮੰਤਰੀ ਦੀ ਫੇਰੀ ਨਾਲ ਹੁਸੈਨੀਵਾਲਾ ਬਾਰਡਰ ਖੁੱਲ੍ਹਣ ਦੀ ਸੰਭਾਵਨਾ ਵੀ ਵਧ ਗਈ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਆਖਰੀ ਦੌਰਾ ਨਵੰਬਰ 2019 ਨੂੰ ਕੀਤਾ ਸੀ ਜਦੋਂ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮੌਕੇ ਆਈਸੀਪੀ ਦਾ ਉਦਘਾਟਨ ਕੀਤਾ ਸੀ।ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣ ਦੀ ਚਰਚਾ ਸੀ। ਕਾਂਗਰਸ ਹਾਈਕਮਾਨ ਤਰਫੋਂ ਪੰਜਾਬ ਚੋਣਾਂ ਦੇ ਪ੍ਰਚਾਰ ਦੇ ਮਹੂਰਤ ਲਈ 3 ਜਨਵਰੀ ਨੂੰ ਹੀ ਰਾਹੁਲ ਗਾਂਧੀ ਦੀ ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਰੈਲੀ ਰੱਖੀ ਗਈ ਹੈ।ਦੋ ਕੌਮੀ ਪਾਰਟੀਆਂ ਦੇ ਵੱਡੇ ਆਗੂਆਂ ਦੀ ਪੰਜਾਬ ਫੇਰੀ ਪਿੱਛੋਂ ਚੋਣ ਮੈਦਾਨ ਹੋਰ ਭਖੇਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਕਾਰਨ ਸਿਆਸੀ ਪਾਰਟੀਆਂ ਪਹਿਲਾਂ ਹੀ ਆਪਣੇ ਚੋਣ ਪ੍ਰਚਾਰ ਤੋਂ ਪਿੱਛੜੀਆਂ ਮਹਿਸੂਸ ਕਰ ਰਹੀਆਂ ਸਨ, ਹੁਣ ਅੰਦੋਲਨ ਮੁਲਤਵੀ ਹੋਣ ਪਿੱਛੋਂ ਸਿਆਸੀ ਪਾਰਾ ਸਿਖਰਾਂ ਵੱਲ ਜਾ ਰਿਹਾ ਹੈ।